ਜਗਤਾਰ ਸਮਾਲਸਰ
ਏਲਨਾਬਾਦ, 4 ਮਾਰਚ
ਯੂਕਰੇਨ ਤੋਂ ਭਾਰੀ ਮੁਸ਼ਕਲਾਂ ਨਾਲ ਜੂਝਦੇ ਹੋਏ ਏਲਨਾਬਾਦ ਦੇ ਦੋ ਵਿਦਿਆਰਥੀ ਅੱਜ ਪਰਤ ਆਏ ਹਨ। ਵਿਦਿਆਰਥਣ ਸੰਦੀਪ ਕੌਰ ਨੇ ਦੱਸਿਆ ਕਿ ਯੁੱਧ ਸ਼ੁਰੂ ਹੋਣ ’ਤੇ ਉਹ ਇੱਕ ਟੈਕਸੀ ਕਰਕੇ ਪੋਲੈਂਡ ਦੀ ਸਰਹੱਦ ਵੱਲ ਰਵਾਨਾ ਹੋ ਗਏ ਪਰ ਟੈਕਸੀ ਡਰਾਈਵਰ ਨੇ ਉਨ੍ਹਾਂ ਨੂੰ ਸਰਹੱਦ ਤੋਂ ਲਗਪਗ 30 ਕਿਲੋਮੀਟਰ ਦੂਰ ਉਤਾਰ ਦਿੱਤਾ। ਉਨ੍ਹਾਂ ਭੁੱਖੇ-ਪਿਆਸੇ ਦੋ ਦਿਨਾਂ ਵਿੱਚ ਇਹ 30 ਕਿਲੋਮੀਟਰ ਦਾ ਰਾਹ ਪੈਦਲ ਤੈਅ ਕੀਤਾ। ਪੋਲੈਂਡ ਦੀ ਸਰਹੱਦ ’ਤੇ ਭੀੜ ਇਕੱਠੀ ਹੋਣ ਤੇ ਜ਼ਿਆਦਾ ਠੰਢ ਹੋਣ ਕਰਕੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸੰਦੀਪ ਨੇ ਦੱਸਿਆ ਕਿ ਇੱਥੇ ਲੰਮਾ ਸਮਾਂ ਉਨ੍ਹਾਂ ਕਤਾਰਾਂ ਵਿੱਚ ਲੱਗ ਕੇ ਉਡੀਕ ਕੀਤੀ, ਜਿਸ ਦੌਰਾਨ ਕਈ ਵਾਰ ਧੱਕਾਮੁੱਕੀ ਹੋਈ ਤੇ ਕਈ ਲੋਕ ਜ਼ਖ਼ਮੀ ਵੀ ਹੋਏ। ਦੋ ਦਿਨਾਂ ਦੀ ਉਡੀਕ ਮਗਰੋਂ ਉਨ੍ਹਾਂ ਨੂੰ ਪੋਲੈਂਡ ਵਿੱਚ ਦਾਖ਼ਲ ਹੋਣ ਦਿੱਤਾ ਗਿਆ ਜਿਸ ਮਗਰੋਂ ਭਾਰਤੀ ਦੂਤਾਵਾਸ ਤੇ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਦੀ ਮਦਦ ਕੀਤੀ। ਦੂਜੇ ਵਿਦਿਆਰਥੀ ਰਜਤ ਟਾਂਕ ਨੇ ਦੱਸਿਆ ਕਿ ਉਹ ਆਪਣੀ ਟੈਕਸੀ ’ਤੇ ਤਿਰੰਗਾ ਝੰਡਾ ਲਗਾ ਕੇ ਰੋਮਾਨੀਆ ਦੀ ਸਰਹੱਦ ਤੱਕ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਉਥੇ ਤਾਇਨਾਤ ਯੂਕਰੇਨ ਦੀ ਫੌਜ ਵੀ ਭਾਰਤੀ ਵਿਦਿਆਰਥੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖ ਰਹੀ ਸੀ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਫ਼ਤਿਹਾਬਾਦ ਦੇ 8 ਵਿਦਿਆਰਥੀ ਘਰ ਪੁੱਜੇ
ਟੋਹਾਣਾ (ਪੱਤਰ ਪ੍ਰੇਰਕ): ਫ਼ਤਿਹਾਬਾਦ ਜ਼ਿਲ੍ਹੇ ’ਤੋਂ ਯੂਕਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਗਏ 45 ਵਿਦਿਆਰਥੀਆਂ ਵਿੱਚੋਂ 8 ਵਾਪਸ ਆ ਗਏ ਹਨ ਜਦਕਿ ਪੰਜ ਪੋਲੈਂਡ ਵਿੱਚ ਰਿਸ਼ਤੇਦਾਰਾਂ ਕੋਲ ਰੁਕ ਗਏ ਹਨ। ਇਹ ਵਿਦਿਆਰਥੀ ਚਦੋਂਕਲਾਂ ਨਾਲ ਸਬੰਧਤ ਹਨ ਤੇ ਇਨ੍ਹਾਂ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਸਮੈਣ ਦਾ ਸੁਮਿਤ, ਨਾਗਪੁਰ ਦਾ ਵਿਨੋਦ, ਬੁਰਜ ਦਾ ਵਿਕਾਸ, ਬੈਜਲਪੁਰ ਦਾ ਅਮਿਤ, ਜਮਾਲਪੁਰ ਸ਼ੇਖਾਂ ਦੀ ਸਿਮਰਨ, ਭੂਨਾ ਦੀ ਦ੍ਰਿਸ਼ਟੀ ਤੇ ਪ੍ਰਿਆ ਘਰ ਪਹੁੰਚ ਚੁੱਕੀਆਂ ਹਨ। ਪੋਲੈਂਡ ਰਿਸ਼ਤਾਦਾਰਾਂ ਕੋਲ ਰੁਕਣ ਵਾਲਿਆਂ ਵਿੱਚ ਚਦੋਂਕਲਾਂ ਦਾ ਅਮਨਦੀਪ (ਉਸ ਕੋਲ ਛੇ ਮਹੀਨੇ ਦਾ ਬੱਚਾ ਵੀ ਹੈ), ਦੀਕਸ਼ਾ, ਗਗਨ ਤੇ ਕੁਲਵਿੰਦਰ ਕੌਰ ਸ਼ਾਮਲ ਹਨ।