ਪੱਤਰ ਪ੍ਰੇਰਕ
ਟੋਹਾਣਾ, 4 ਨਵੰਬਰ
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਜ਼ਿਲ੍ਹਾ ਅਧਿਕਾਰੀ ਫਤਿਹਾਬਾਦ ਜਗਦੀਸ਼ ਸ਼ਰਮਾ ਨੇ ਪਿੰਡ ਮੁੰਦਲੀਆਂ ਦੇ ਦੋ ਨੰਬਰਦਾਰਾਂ ਨਸੀਬ ਸਿੰਘ ਤੇ ਬਿੱਕਰ ਸਿੰਘ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ-ਨਾਲ ਮੁੰਦਲੀਆਂ ਦੇ ਮਾਲ ਪਟਵਾਰੀ ਹਿਮਾਂਸ਼ੂ ਤੇ ਪੰਚਾਇਤ ਸਕੱਤਰ ਜਰਜਦੀਪ ਨੂੰ ਸਰਕਾਰੀ ਡਿਊਟੀ ਦੌਰਾਨ ਕੋਤਾਹੀ ਕਰਨ ਤੇ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਆਦੇਸ਼ ਦਿੱਤੇ ਹਨ। ਪਿੰਡ ਭੋਡੀ ਦੇ ਬਲਵੰਤ ਸਿੰਘ ਦੇ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਹੇਠ ਉਸ ਦਾ ਆਰਮਜ਼ ਲਾਇਸੈਂਸ ਰੱਦ ਕਰਨ ਦੀ ਤਿੰਨ ਦਿਨਾਂ ਵਿੱਚ ਜਵਾਬ ਤਲਬੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 442 ਥਾਵਾਂ ‘ਤੇ ਪਰਾਲੀ ਨੂੰ ਅੱਗ ਲਾਉਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਨ੍ਹਾਂ ਵਿਰੁੱਧ ਆਉਂਦੇ ਦਿਨਾਂ ਵਿਚ ਨੋਟਿਸ ਜਾਰੀ ਕਰਕੇ ਕੇਸ ਦਰਜ ਕੀਤੇ ਜਾਣਗੇ।