ਪੱਤਰ ਪ੍ਰੇਰਕ
ਪਿਹੋਵਾ, 12 ਜੂਨ
ਪੁਲੀਸ ਨੇ ਛੇ ਮਹੀਨੇ ਪਹਿਲਾਂ ਪੁਲੀਸ ਦੀ ਵਰਦੀ ਵਿੱਚ ਭੈਣ-ਭਰਾ ਤੋਂ ਤਿੰਨ ਲੱਖ ਰੁਪਏ ਖੋਹਣ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਰਾਮ ਸਿੰਘ ਵਾਸੀ ਕਾਸ਼ਿਮਪੁਰ (ਫਤਿਹਾਬਾਦ) ਅਤੇ ਅਸ਼ੋਕ ਵਾਸੀ ਸੱਚਾ ਖੇੜਾ (ਜੀਂਦ) ਨੂੰ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਬਲਵਿੰਦਰ ਸਿੰਘ ਵਾਸੀ ਹਰੀਗੜ੍ਹ ਥਾਣਾ ਕਨੌਰ ਜ਼ਿਲ੍ਹਾ ਪਟਿਆਲਾ ਨੇ 1 ਦਸੰਬਰ ਨੂੰ ਥਾਣਾ ਸਦਰ ਪਿਹੋਵਾ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਫਰਨੀਚਰ ਦਾ ਕੰਮ ਕਰਦਾ। 30 ਨਵੰਬਰ ਨੂੰ ਉਸ ਨੇ ਯੂਕੋ ਬੈਂਕ ਦੀ ਸ਼ਾਖਾ ਘਨੌਰ ਤੋਂ ਡੇਢ ਲੱਖ ਰੁਪਏ ਕਢਵਾਏ ਸਨ। ਇਸ ਦੌਰਾਨ ਉਸ ਨੂੰ ਫੋਨ ਆਇਆ ਕਿ ਬੈਂਕ ਤੋਂ ਮਿਲੇ ਵੱਡੇ ਨੋਟਾਂ ਦੇ ਇਕ ਲੱਖ ਰੁਪਏ ਦੀ ਬਜਾਏ ਉਹ ਉਸ ਨੂੰ 100-100 ਰੁਪਏ ਦੇ ਡੇਢ ਲੱਖ ਰੁਪਏ ਦੇ ਸਕਦਾ ਹੈ। ਉਹ ਆਪਣੇ ਜੀਜਾ ਕੁਲਦੀਪ ਸਿੰਘ ਅਤੇ ਪਿੰਡ ਦੇ ਮਲਕੀਤ ਨਾਲ ਤਿੰਨ ਲੱਖ ਰੁਪਏ ਲੈ ਗਿਆ। ਇਸ ਦੌਰਾਨ ਪੁਲੀਸ ਵਰਦੀ ਵਿੱਚ ਤਿੰਨ-ਚਾਰ ਵਿਅਕਤੀ ਆਏ ਅਤੇ ਦੀ ਕਾਰ ਦੀ ਚੈਕਿੰਗ ਕੀਤੀ ਤੇ ਉਸ ਨੂੰ ਡਰਾ ਧਮਕਾ ਕੇ ਕਾਰ ਵਿੱਚ ਰੱਖੇ ਤਿੰਨ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।