ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਸਤੰਬਰ
ਇੱਥੇ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਸਾਈਕਲ ਸਵਾਰ ਹਲਾਕ ਹੋ ਗਏ। ਥਾਣਾ ਸਾਹਜ਼ਾਦਪੁਰ ਵਿੱਚ ਪਤਰੇਹੜੀ ਪਿੰਡ ਦੇ ਗੁਰਦਿਆਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 31 ਅਗਸਤ ਨੂੰ ਸਵੇਰੇ ਪਤਰੇਹੜੀ ਪਿੰਡ ਕੋਲ ਪੁਰਾਣੀ ਸ਼ਾਹਜ਼ਾਦਪੁਰ-ਸਾਹਾ ਸੜਕ ’ਤੇ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਖੇਤਾਂ ’ਚੋਂ ਸਾਈਕਲ ’ਤੇ ਪਿੰਡ ਜਾ ਰਹੇ ਪੁਰਸ਼ੋਤਮ ਦਾਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜ਼ਖ਼ਮੀ ਹੋਏ ਪੁਰਸ਼ੋਤਮ ਦਾਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀਜੀਆਈ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਕ ਹੋਰ ਮਾਮਲੇ ਵਿੱਚ ਆਕਾਸ਼ ਜੈਨ ਹਾਲ ਵਾਸੀ ਜੈਨ ਮੰਦਰ ਮਿੱਠਾਪੁਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿਤਾ ਦਿਨੇਸ਼ ਚੰਦਰ ਜੈਨ, 29 ਅਗਸਤ ਸ਼ਾਮ ਨੂੰ ਮਿੱਠਾਪੁਰ ਅੱਡੇ ਤੋਂ ਦੁੱਧ ਲੈਣ ਲਈ ਸਾਈਕਲ ’ਤੇ ਜਾ ਰਹੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।