ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 24 ਅਗਸਤ
ਦੋ ਨਕਾਬਪੋਸ਼ ਬਦਮਾਸ਼ ਅੱਜ ਤੜਕੇ ਅੰਬਾਲਾ ਸ਼ਹਿਰ ਦੇ ਛੋਟਾ ਬਾਜ਼ਾਰ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਦਾ ਤਾਲਾ ਤੋੜ ਕੇ ਅੰਦਰ ਜਾ ਵੜੇ। ਉਨ੍ਹਾਂ ਨੇ ਪੈਸੇ ਚੋਰੀ ਕਰਨ ਲਈ ਏਟੀਐੱਮ ਦਾ ਕੈਸ਼ ਬਾਕਸ ਲਾਕ ਵੀ ਤੋੜ ਲਿਆ ਪਰ ਕਾਫੀ ਸਮਾਂ ਜੱਦੋਂਜਹਿਦ ਕਰਨ ਦੇ ਬਾਵਜੂਦ ਉਹ ਪੈਸੇ ਕੱਢਣ ’ਚ ਨਾਕਾਮ ਰਹੇ। ਅੱਧੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਲੁਟੇਰੇ ਜਿਉਂ ਹੀ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਨੋਇਡਾ ਸਥਿਤ ਏਐਨਜੀ ਸਕਿਉਰਿਟੀ ਸਿਸਟਮ ਨੂੰ ਪਤਾ ਲੱਗ ਗਿਆ ਜਿਸ ਤੋਂ ਬਾਅਦ ਕਾਲ ਕਰਕੇ ਬੈਂਕ ਮੈਨੇਜਰ ਨੂੰ ਅਲਰਟ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਬੈਂਕ ਕੈਸ਼ ਅਧਿਕਾਰੀ ਮਹਿੰਦਰਪਾਲ ਸਿੰਘ ਸਾਹਨੀ ਮੌਕੇ ’ਤੇ ਪਹੁੰਚੇ, ਉਦੋਂ ਤੱਕ ਬਦਮਾਸ਼ ਫ਼ਰਾਰ ਹੋ ਚੁੱਕੇ ਸਨ। ਸ੍ਰੀ ਸਾਹਨੀ ਨੇ ਦੱਸਿਆ ਕਿ ਉਹ ਜੈਨ ਕਾਲਜ ਰੋਡ ਸਥਿਤ ਐਸਬੀਆਈ ਦੀ ਸ਼ਾਖ਼ਾ ਵਿੱਚ ਕੈਸ਼ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ। ਅੱਜ ਤੜਕੇ ਸਾਢੇ 3 ਵਜੇ ਬੈਂਕ ਮੈਨੇਜਰ ਨੇਹਾ ਅਗਰਵਾਲ ਨੇ ਫੋਨ ਕਰਕੇ ਏਟੀਐੱਮ ਵਿੱਚੋਂ ਪੈਸੇ ਚੋਰੀ ਕਰਨ ਦੀ ਸੂਚਨਾ ਦਿੱਤੀ ਸੀ। ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਲੋਟੇਰਿਆਂ ਨੇ ਬੂਥ ਸਮੇਤ ਸੀਸੀਟੀਵੀ ਕੈਮਰੇ ਅਤੇ ਮਸ਼ੀਨ ਦੇ ਕੈਸ਼ ਬਾਕਸ ਦੇ ਤਾਲੇ ਤੋੜੇ ਹੋਏ ਸਨ ਪਰ ਉਹ ਪੈਸੇ ਚੋਰੀ ਨਾ ਕਰ ਸਕੇ। ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 457/380/511 ਅਤੇ 427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।