ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਕਤੂਬਰ
ਇਸ ਖੇਤਰ ਵਿਚ ਇਸ ਵੇਲੇ ਕਣਕ, ਆਲੂ, ਸਰ੍ਹੋਂ ਤੋਰੀਆ ਤੇ ਹੋਰ ਫਸਲਾਂ ਦੀ ਬਿਜਾਈ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ ਜਿਸ ਲਈ ਕਿਸਾਨਾਂ ਨੂੰ ਖਾਦਾਂ ਜਿਵੇਂ ਡੀਏਪੀ, ਪੋਟਾਸ਼, ਯੂਰੀਆ ਖਾਦ ਆਦਿ ਦੀ ਸਖਤ ਲੋੜ ਹੈ ਪਰ ਪੂਰੇ ਜ਼ਿਲ੍ਹੇ ਵਿਚ ਇਨ੍ਹਾਂ ਖਾਦਾਂ ਦੀ ਭਾਰੀ ਕਮੀ ਚਲ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹਰ ਸਾਲ ਖਾਦਾਂ ਦੀ ਬਲੈਕ ਦਾ ਧੰਦਾ ਬਾਦਸਤੂਰ ਜਾਰੀ ਰਹਿੰਦਾ ਹੈ ਜੇਕਰ ਕਿਸਾਨ ਸੰਗਠਨ ਇਸ ਖ਼ਿਲਾਫ਼ ਅਵਾਜ਼ ਚੁੱਕਦੇ ਹਨ ਤਾਂ ਉਸ ਬਲਾਕ ਵਿਚ ਜਾਣ ਬੁਝ ਕੇ ਹੋਰ ਕਮੀ ਕਰਵਾ ਦਿੱਤੀ ਜਾਂਦੀ ਹੈ। ਦੁਕਾਨਦਾਰਾਂ ਤੇ ਖੇਤੀ ਕਲਿਆਣ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਇਸ ਦਾ ਸਾਰਾ ਦੋਸ਼ ਕਿਸਾਨ ਸੰਗਠਨਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਸਿਰ ਮੜ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫਸਲ ਬਿਜਾਈ ਲਈ ਛੇਤੀ ਤੋਂ ਛੇਤੀ ਖਾਦਾਂ ਦੀ ਕਮੀ ਨੂੰ ਪੂਰਾ ਕਰਨ ਦਾ ਪ੍ਰਬੰਧ ਕੀਤਾ ਜਾਏ ਤਾਂ ਕਿ ਕਿਸਾਨ ਆਪਣੀ ਫਸਲ ਦੀ ਬਿਜਾਈ ਸਮੇਂ ’ਤੇ ਕਰ ਸਕਣ। ਉਨ੍ਹਾਂ ਕਿਹਾ ਕਿ ਸਵੇਰ ਹੁੰਦੇ ਹੀ ਕਿਸਾਨ ਖਾਦ ਦੇ ਡੀਲਰਾਂ ਦੀਆਂ ਦੁਕਾਨਾਂ ’ਤੇ ਆ ਲਾਈਨਾਂ ਵਿਚ ਖੜ੍ਹੇ ਹੋ ਜਾਂਦੇ ਹਨ ਪਰ ਖਾਦ ਨਹੀਂ ਮਿਲਦੀ। ਸ੍ਰੀ ਬੈਂਸ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਕੋਲ ਖਾਦ ਹੈ ਉਹ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁਕ ਕੇ ਡੀ ਏ ਪੀ ਤੇ ਯੂਰੀਆ ਦੇ ਥੈਲੇ ਨਾਲ ਦਵਾਈ, ਸਲਫਰ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਲਾ ਕੇ ਖਾਦ ਨੂੰ ਬਲੈਕ ਵਿਚ ਵੇਚ ਰਹੇ ਹਨ। ਖੇਤੀ ਤੇ ਕਲਿਆਣ ਵਿਭਾਗ ਵੀ ਮੂਕਦਰਸ਼ਕ ਬਣ ਕੇ ਬੈਠੇ ਹਨ।
ਉਨ੍ਹਾਂ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਕਿਸਾਨਾਂ ਵਲੋਂ ਫੜਵਾਏ ਜਾਣ ’ਤੇ ਖੇਤੀ ਵਿਭਾਗ ਇਨ੍ਹਾਂ ਦੁਕਾਨਦਾਰਾਂ ਖਿਲਾਫ ਖਾਨਾਪੂਰਤੀ ਕਰਦੇ ਹੋਏ 15 ਦਿਨ ਲਈ ਲਾਇਸੈਂਸ ਕੈਂਸਲ ਕਰਦਾ ਹੈ ਪਰ ਅੱਗੇ ਤੋਂ ਦੁਕਾਨਦਾਰ ਫਿਰ ਉਹੋ ਕਰਨ ਲੱਗ ਪੈਂਦੇ ਹਨ।