ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਅਗਸਤ
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅੰਬਾਲਾ ਛਾਉਣੀ ਵਿੱਚ ਸ਼ਹੀਦ ਸਨਮਾਨ ਤਿਰੰਗਾ ਯਾਤਰਾ ਕੱਢੀ ਗਈ, ਜਿਸ ਦੀ ਅਗਵਾਈ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਖੁੱਲ੍ਹੀ ਜੀਪ ਵਿਚ ਹੱਥ ਵਿੱਚ ਤਿਰੰਗਾ ਫੜ ਕੇ ਕੀਤੀ। ਇਹ ਯਾਤਰਾ ਛਾਉਣੀ ਦੇ ਸੁਭਾਸ਼ ਪਾਰਕ ਦੇ ਬਾਹਰੋਂ ਸ਼ੁਰੂ ਹੋਈ ਤੇ ਇਸ ਵਿਚ ਹਜ਼ਾਰਾਂ ਲੋਕ ਹੱਥਾਂ ਵਿਚ ਤਿਰੰਗੇ ਫੜੀ ਸ਼ਾਮਲ ਹੋਏ। ਸੈਂਕੜਿਆਂ ਦੀ ਗਿਣਤੀ ਵਿੱਚ ਤਿਰੰਗੇ ਝੰਡਿਆਂ ਨਾਲ ਸਜੇ ਹੋਏ ਟਰੈਕਟਰ ਵੀ ਯਾਤਰਾ ਵਿੱਚ ਸ਼ਾਮਲ ਸਨ। ਰਵਾਨਗੀ ਤੋਂ ਪਹਿਲਾਂ ਸ੍ਰੀ ਵਿੱਜ ਨੇ ਕਿਹਾ ਕਿ ਉਹ ਇਸ ਯਾਤਰਾ ਰਾਹੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਅਸੀਂ ਜੀਵਾਂਗੇ ਤਾਂ ਰਾਸ਼ਟਰ ਲਈ ਤੇ ਮਰਾਂਗੇ ਤਾਂ ਵੀ ਰਾਸ਼ਟਰ ਲਈ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੰਤਰੀ ਵਿੱਜ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਪਾਰਕ ਵਿਚ ਜਾ ਕੇ ਬੋਸ ਦੀ ਮੂਰਤੀ ਅੱਗੇ ਫੁੱਲ ਚੜ੍ਹਾਏ ਤੇ ਸਲੂਟ ਕੀਤਾ। ਸ਼ਹੀਦ ਸਨਮਾਨ ਯਾਤਰਾ ਛਾਉਣੀ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਸੁਭਾਸ਼ ਪਾਰਕ ਦੇ ਕੋਲ ਆ ਕੇ ਸਮਾਪਤ ਹੋਈ। ਪੰਜਾਬੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਬਿੰਦਰਾ ਨੇ ਗ੍ਰਹਿ ਮੰਤਰੀ ਨੂੰ ਸਿਰੋਪਾ ਭੇਟ ਕੀਤਾ।