ਪੱਤਰ ਪ੍ਰੇਰਕ
ਜੀਂਦ, 17 ਜਨਵਰੀ
ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਅਤੇ ਹਰਿਆਣਾ ਕਨਫੈੱਡ ਦੇ ਸਾਬਕਾ ਚੇਅਰਮੈਨ ਬਜਰੰਗ ਦਾਸ ਗਰਗ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਸ਼ਹਾਲ ਹਰਿਆਣਾ ਅਪਰਾਧ ਅਤੇ ਬੇਰੁਜ਼ਗਾਰੀ ਵਿੱਚ ਅੱਵਲ ਬਣ ਗਿਆ ਹੈ। ਆਏ ਦਿਨ ਵਪਾਰੀਆਂ ਅਤੇ ਆਮ ਲੋਕਾਂ ਨਾਲ ਲੁੱਟਾਂ-ਖੋਹਾਂ ਅਤੇ ਹੋਰ ਘਟਨਾਵਾਂ ਵਾਪਰ ਰਹੀਆਂ ਹਨ। ਸਫੀਦੋਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਜਰੰਗ ਦਾਸ ਗਰਗ ਨੇ ਕਿਹਾ ਕਿ ਵਪਾਰੀ ਗੌਰਵ ਅਗਰਵਾਲ ਨੂੰ ਗੋਲੀ ਮਾਰ ਕੇ ਹੱਤਿਆ ਕਰਨੀ ਸਰਕਾਰ ਦੀ ਅਸਫਲਤਾ ਦਾ ਸਬੂਤ ਹੈ। ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਹਰਿਆਣਾ ਦਾ ਵਪਾਰੀ ਵਰਗ ਸੜਕਾਂ ’ਤੇ ਉਤਰ ਕੇ ਅੰਦੋਲਨ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਰੋਜ਼ ਵਪਾਰੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਸਰਕਾਰ ਇਨ੍ਹਾਂ ਨੂੰ ਰੋਕਣ ਦੀ ਜਗ੍ਹਾ ਸੁੱਤੀ ਪਈ ਹੈ।