ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 23 ਫਰਵਰੀ
ਇੱਥੇ ਨਰਾਇਣਗੜ੍ਹ ਖੰਡ ਮਿਲ ਬਣੌਂਦੀ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਸਹੀ ਸਮੇਂ ਤੇ ਸਹੀ ਢੰਗ ਨਾਲ ਭੁਗਤਾਨ ਨਾ ਕਰਨ ’ਤੇ ਵੱਡੀ ਗਿਣਤੀ ਕਿਸਾਨਾਂ ਨੇ ਆਪਣੇ ਆਪਣੇ ਟਰੈਕਟਰਾਂ ’ਤੇ ਕਾਲੇ ਝੰਡੇ ਲਾ ਕੇ ਤੇ ਗੰਨੇ ਰੱਖ ਕੇ ਖੰਡ ਮਿਲ ਬਣੌਂਦੀ ਤੋਂ ਟਰੈਕਟਰ ਮਾਰਚ ਕੱਢਿਆ। ਇਹ ਟਰੈਕਟਰ ਮਾਰਚ ਖੰਡ ਮਿਲ ਤੋਂ ਸ਼ੁਰੂ ਹੋ ਕੇ ਕਈਂ ਥਾਵਾਂ ਤੋਂ ਹੁੰਦਾ ਹੋਇਆ ਨਰਾਇਣਗੜ੍ਹ ਦੇ ਅਗਰਸੈਨ ਚੌਕ, ਲੋਟੋ ਚੁੰਗੀ, ਨੇਤਾ ਜੀ ਸੁਭਾਸ਼ ਚੌਕ, ਪਰਸ਼ੂ ਰਾਮ ਚੌਕ ਤੋਂ ਹੁੰਦਾ ਹੋਇਆ ਅਨਾਜ ਮੰਡੀ ਵਿੱਚ ਆ ਕੇ ਸਮਾਪਤ ਹੋਇਆ। ਕਿਸਾਨਾਂ ਨੇ ਸਰਕਾਰ, ਸਥਾਨਕ ਪ੍ਰਸ਼ਾਸਨ ਤੇ ਮਿਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਨੇਤਾ ਸ਼ਿੰਗਾਰਾ ਸਿੰਘ, ਧਨਰਾਜ ਸਿੰਘ, ਗੁਰਦੇਵ ਸਿੰਘ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ। ਕਿਸਾਨਾਂ ਨੇ ਧਰਨੇ ਲਾ ਕੇ ਆਪਣੀ ਬਕਾਇਆ ਰਕਮ ਲੈਣ ਲਈ ਮੰਗ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਗੱਲ ਕੋਈਂ ਨਹੀਂ ਸੁਣ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਵਾਰ ਉਨ੍ਹਾਂ ਨੂੰ ਝੂਠੇ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਦਾ। ਉਨ੍ਹਾਂ ਦਾ ਕਹਿਣਾ ਸੀ ਕਿ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ ਕਿਉਂਕਿ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋ ਗਏ ਹਨ । ਇੱਕ ਪਾਸੇ ਮੌਸਮ ਦੀ ਕੁਦਰਤੀ ਮਾਰ ਫਸਲਾਂ ’ਤੇ ਪੈ ਰਹੀ ਹੈ ਤੇ ਦੂਜੇ ਪਾਸੇ ਗੰਨੇ ਦੀ ਰਾਸ਼ੀ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਕਈਂ ਦਿਨਾਂ ਤੋਂ ਨਰਾਇਣਗੜ੍ਹ ਦੇ ਮਿਨੀ ਸਕੱਤਰੇਤ ਅੱਗੇ ਧਰਨਾ ਲਾ ਕੇ ਬੈਠੇ ਹਨ ਅਤੇ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ। ਸੂਚਨਾ ਮਿਲਦੇ ਹੀ ਨਰਾਇਣਗੜ੍ਹ ਦੇ ਐੱਸਡੀਐੱਮ ਅਨਾਜ ਮੰਡੀ ਵਿੱੱਚ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਅਧਿਕਾਰੀ ਵੱਲੋਂ 31 ਦਸੰਬਰ ਤੱਕ ਦੀ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ 5 ਮਾਰਚ ਤੱਕ ਕੀਤੇ ਜਾਣ ਦੀ ਭਰੋਸਾ ਮਿਲਣ ਮਗਰੋਂ ਕਿਸਾਨ ਸ਼ਾਂਤ ਹੋਏ ਅਤੇ ਆਪਣਾ ਰੋਸ ਮਾਰਚ ਤੇ ਧਰਨਾ ਸਮਾਪਤ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਮਿੱਥੇ ਸਮੇਂ ਮੁਤਾਬਕ ਭੁਗਤਾਨ ਨਾ ਹੋਇਆ ਤਾਂ ਉਹ ਹੋਰ ਵੱਡਾ ਅੰਦੋਲਨ ਕਰਨ ਦੀ ਤਿਆਰੀ ਕਰਨਗੇ।