ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਆਪਣੀ ਟਿਕਰੀ ਮੋਰਚੇ ਦੀ ਸਟੇਜ ਨੌਜਵਾਨਾਂ ਨੂੰ ਸਮਰਪਿਤ ਕੀਤੀ। ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਥੇਬੰਦੀ ਦੇ ਵਿਧਾਨ ਅਨੁਸਾਰ ਨੌਜਵਾਨਾਂ ਨੂੰ ਜਥੇਬੰਦੀ ’ਚ ਬਣਦਾ ਥਾਂ ਦੇਣ ਲਈ ਸਟੇਜ ਨੌਜਵਾਨਾਂ ਨੂੰ ਸਮਰਪਿਤ ਕੀਤੀ ਗਈ। ਨੌਜਵਾਨ ਆਗੂ ਰਾਮ ਸਿੰਘ ਕੋਟ ਗੁਰੂ ਨੇ ਬਿਜਲੀ ਬੋਰਡ ਦੇ ਉਸਾਰੇ ਗਏ ਢਾਂਚੇ ਅਤੇ 1948 ਵਿੱਚ ਬਣਾਏ ਗਏ ਬਿਜਲੀ ਐਕਟ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਇੱਕ ਜਨਤਕ ਅਦਾਰਾ ਹੋਣ ਕਰਕੇ ਇਸ ਦੀ ਢਾਂਚਾ ਉਸਾਰੀ ਕਰਨ ਵਾਸਤੇ ਸਾਡੇ ਦਾਦਿਆਂ-ਪੜਦਾਦਿਆਂ ਨੇ ਗਰਿੱਡ ਲਾਉਣ ਤੇ ਬਿਜਲੀ ਦਫ਼ਤਰਾਂ ਦਾ ਵਿਸਥਾਰ ਕਰਨ ਲਈ ਜ਼ਮੀਨਾਂ ਮੁਫ਼ਤ ਵਿੱਚ ਦਾਨ ਕੀਤੀਆਂ ਹਨ।
ਇਸ ਸਬੰਧੀ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਦੇ ਉਲਟ ਇਸ ਨੂੰ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ’ਚ ਦੇਣ ਦਾ ਫ਼ੈਸਲਾ ਕੀਤਾ, ਜਿਸ ਕਾਰਨ ਬਿਜਲੀ ਮਹਿੰਗੀ ਹੋ ਗਈ ਹੈ।