ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਜੂਨ
ਇੱਥੋਂ ਦੀ ਪੁਲੀਸ ਨੇ ਐੱਨਓਸੀ ਦੇ ਨਾਂ ’ਤੇ ਤਿੰਨ ਲੱਖ ਰੁਪਏ ਠੱਗਣ ਅਤੇ ਸਕੂਲ ਨੂੰ ਫਰਜ਼ੀ ਐੱਨਓਸੀ ਦੇ ਆਧਾਰ ’ਤੇ ਮਾਨਤਾ ਦਿਵਾਉਣ ਦੇ ਦੋਸ਼ ਵਿੱਚ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਤਰੁੂਣ ਧੀਮਾਨ ਵਾਸੀ ਪਿੰਡ ਡੂੰਗਰਾ ਵਜੋਂ ਹੋਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਐੱਸਜੀਐੱਨਪੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਇਹ ਸਕੂਲ ਇਕ ਸੁਸਾਇਟੀ ਵਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰੂਣ ਧੀਮਾਨ ਨੇ ਜਨਵਰੀ 2021 ਵਿੱਚ ਸਕੂਲ ’ਚ ਆ ਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਉਹ ਸਕੂਲ ਨੂੰ ਸੀਬੀਐੱਸਈ ਮਾਨਤਾ ਲਈ ਐੱਨਓਸੀ ਦਿਵਾ ਦੇਵੇਗਾ। ਉਸ ਨੇ ਇਸ ਸਬੰਧੀ ਕਾਗਜ਼ ਭਰਨ ਲਈ ਤਿੰਨ ਲੱਖ ਰੁਪਏ ਮੰਗੇ। ਸਕੂਲ ਵੱਲੋਂ ਹਾਮੀ ਭਰਨ ਦੇ ਕੁਝ ਸਮੇਂ ਮਗਰੋਂ ਤਰੂਣ ਨੇ ਦੱਸਿਆ ਕਿ ਹਰਿਆਣਾ ਸਿੱਖਿਆ ਡਾਇਰੈਕਟੋਰੇਟ ਤੋਂ ਐੱਨਓਸੀ ਪਾਸ ਕਰਵਾ ਲਈ ਹੈ ਤੇ ਉਸ ਨੇ ਐਨਓਸੀ ਦੇ ਆਧਾਰ ’ਤੇ ਸੀਬੀਐੱਸਈ ਮਾਨਤਾ ਪ੍ਰਾਪਤ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਕਿ ਮੁਲਜ਼ਮ ਨੇ ਅਕਤੂਬਰ 2021 ਨੂੰ ਸੀਬੀਐੱਸਈ ਬੋਰਡ ਦੇ ਦੋ ਅਧਿਕਾਰੀਆਂ ਵਲੋਂ ਸਕੂਲ ਦਾ ਨਿਰੀਖਣ ਵੀ ਕਰਾਇਆ ਸੀ। ਜਿਸ ਦੇ ਆਧਾਰ ’ਤੇ ਦਸਵੀਂ ਤੱਕ ਸੀਬੀਐੱਸਈ ਦੀ ਮਾਨਤਾ ਮਿਲ ਗਈ। ਇਸ ਮਗਰੋਂ ਡਾਇਰੈਕਟਰ ਸੰਕੈਡਰੀ ਸਿੱਖਿਆ ਪੰਚਕੂਲਾ ਵੱਲੋਂ ਸਕੂਲ ਨੂੰ ਇਕ ਪੱਤਰ ਜਾਰੀ ਕੀਤਾ ਗਿਆ। ਪੱਤਰ ਮੁਤਾਬਿਕ ਉਪਰੋਕਤ ਮਾਮਲੇ ਵਿਚ ਸੁਣਵਾਈ 17 ਮਈ 2022 ਨੂੰ ਹੋਈ। ਸੁਣਵਾਈ ਵਿਚ ਉਨ੍ਹਾਂ ਨੂੰ ਪਤਾ ਲਗਾ ਕਿ ਤਰੂਣ ਨੇ ਸਿੱਖਿਆ ਬੋਰਡ ਤੋਂ ਫਰਜ਼ੀ ਐਨਓਸੀ ਬਣਾਉਣ ਤੋਂ ਬਾਅਦ ਸੀਬੀਐੱਸਈ ਤੋਂ ਮਾਨਤਾ ਹਾਸਲ ਕੀਤੀ ਹੈ।