ਦਵਿੰਦਰ ਸਿੰਘ
ਯਮੁਨਾਨਗਰ, 12 ਦਸੰਬਰ
ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਗਰਾਊਂਡ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਗੀਤਾ ਮਹਾਉਤਸਵ ਦਾ ਉਦਘਾਟਨ ਵਿਧਾਇਕ ਘਣਸ਼ਾਮ ਦਾਸ ਅਰੋੜਾ ਨੇ ਕੀਤਾ। ਗੀਤਾ ਮਹਾਉਤਸਵ ਨਾਲ ਜੁੜੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤਿਨਿਧੀਆਂ ਨੇ ਮਿਲ ਕੇ ਮਦਭਗਵਤ ਗੀਤਾ ਦੀ ਆਰਤੀ ਕੀਤੀ ਅਤੇ ਹਵਨ ਕੀਤਾ। ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਰਿਆਣਾ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਰਾਮ ਨਿਵਾਸ ਗਰਗ ਅਤੇ ਵਧੀਕ ਡੀਸੀ ਰਣਜੀਤ ਕੌਰ ਮੌਜੂਦ ਸਨ। ਇਸ ਮੌਕੇ ਯਮੁਨਾਨਗਰ ਦੇ ਵਿਧਾਇਕ ਨੇ ਗੀਤਾ ਮਹਾਉੱਤਸਵ ਲਈ ਸ਼ੁਭਕਾਮਨਾਵਾ ਦਿੱਤੀਆਂ ਅਤੇ ਕਿਹਾ ਕਿ ਗੀਤਾ ਹੀ ਇੱਕ ਮਾਤਰ ਗ੍ਰੰਥ ਹੈ, ਜਿਸ ਵਿੱਚ ਅਨਿਆ ਅਤੇ ਧਰਮ ਦੀ ਜਿੱਤ ਦਾ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਵੇਖੀਆਂ ਅਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਵੀ ਦਿੱਤੇ। ਗੀਤਾ ਮਹਾਉਤਸਵ ਦੇ ਪਹਿਲੇ ਦਿਨ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ, ਭਜਨ ਪਾਰਟੀਆਂ ਨੇ ਹਰਿਆਣਵੀਂ ਗੀਤ ਅਤੇ ਡਾਂਸ, ਜੰਗਮ, ਜੋਗੀ, ਬੀਨ ਪਾਰਟੀ ਨੇ ਆਪੋ-ਆਪਣੀਆਂ ਕਲਾਕਾਰੀਆਂ ਪੇਸ਼ ਕੀਤੀਆਂ। ਇਸ ਮੌਕੇ ਸ੍ਰੀ ਕ੍ਰਿਸ਼ਨ ਕਿਰਪਾ ਸੇਵਾ ਸਮਿਤੀ ਦੇ ਭਾਰਤ ਭੂਸ਼ਨ, ਨੀਰੂ ਚੌਹਾਨ, ਖੇਤੀ ਵਿਭਾਗ ਦੇ ਡਾ. ਵਿਨੀਤ ਜੈਨ, ਡੀਪੀਆਰਓ ਦੇਵਿੰਦਰ ਸ਼ਰਮਾ ਅਤੇ ਹੋਰ ਨਾਗਰਿਕ ਮੌਜੂਦ ਸਨ।