ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਮਾਰਚ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਇੰਡੀਆ ਗੱਠਜੋੜ ਦੇ ਲੋਕ ਸਭਾ ਹਲਕਾ ਕੁਰੂਕਸ਼ੇਤਰ ਦੇ ਉਮੀਦਵਾਰ ਡਾ. ਸ਼ੁਸ਼ੀਲ ਗੁਪਤਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਚ ਆਪਣਾ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਗੱਠਜੋੜ ਦੀ ਹਮਾਇਤ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘‘ਦੇਸ਼ ਵਿੱਚ ਅਣ-ਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ। ਭਾਜਪਾ ਕੋਲ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਹਨ। ਗੁਪਤਾ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੱਕ ਜਿਸ ਵਿਅਕਤੀ ਨੂੰ ‘ਕੋਲਾ ਚੋਰ’ ਕਹਿ ਰਹੇ ਸਨ ਤੇ 2014 ਤੋਂ ਲੈ ਕੇ ਹੁਣ ਤਕ ਜਿਸ ’ਤੇ ਕਈ ਐੱਫਆਰ ਆਈ ਦਰਜ ਹੋਈਆਂ। ਈਡੀ ਜਿਸ ਦੇ ਪਿੱਛੇ ਲੱਗੀ ਰਹੀ, ਉਹੀ ਵਿਅਕਤੀ 82 ਕਰੋੜ ਰੁਪਏ ਦਾ ਚੰਦਾ ਦੇਣ ਮਗਰੋਂ ‘‘ਦੁੱਧ ਦਾ ਧੋਤਾ’ ਬਣ ਗਿਆ। ਇੰਨੇ ਮੁਕੱਦਮੇ ਦਰਜ ਹੋਣ ਤੋਂ ਬਾਅਦ ਵੀ ਕਥਿਤ ‘ਕੋਲਾ ਚੋਰ’ ਹੁਣ ‘‘ਕੋਹਿਨੂਰ’’ ਬਣ ਗਿਆ।’’ ਗੁਪਤਾ ਨੇ ਕਿਹਾ ਕਿ ਨਵੀਨ ਜਿੰਦਲ ਗਲਤ ਵਿਅਕਤੀ ਨਹੀਂ ਹਨ ਪਰ ਉਹ ਡਰੇ ਹੋੋਏ ਹਨ। ਜੇਕਰ ਇੱਕ ਸੰਸਦ ਮੈਂਬਰ ਡਰ ਗਿਆ ਤਾਂ ਉਹ ਲੋਕਾਂ ਦਾ ਖਿਆਲ ਕਿਵੇਂ ਰੱਖੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਵੀਨ ਜਿੰਦਲ ਡਰ ਕਾਰਨ ਭਾਜਪਾ ਵਿਚ ਆਏ ਹਨ। ਗੁਪਤਾ ਨੇ ਕਿਹਾ, ‘‘ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਕਾਂਗਰਸ ਦੇ ਸਾਰੇ ਖਾਤੇ ਸੀਲ ਕਰ ਦਿੱਤੇ ਪਰ ਅਸੀਂ ਝੁਕਾਂਗੇ ਨਹੀਂ। ਇੰਡੀਆ ਗੱਠਜੋੜ ਹਰਿਆਣਾ ’ਚ ਸਾਰੀਆਂ 10 ਲੋਕ ਸਭਾ ਸੀਟਾਂ ਤੇ ਹੂੰਝਾ ਫੇਰ ਜਿੱਤ ਹਾਸਲ ਕਰੇਗਾ। ਸਰਕਾਰ ਦੀ ਤਾਨਾਸ਼ਾਹੀ ਠੀਕ ਨਹੀਂ ਹੈ, ਕਿਸਾਨ ਅੰਦੋਲਨ ਵਿਚ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰੀ ਗਈ।’’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹਰਿਆਣਾ ਵਿੱਚ ਬੁਰੀ ਤਰਾਂ ਫੇਲ੍ਹ ਹੋ ਗਈ ਹੈ। ਭਾਜਪਾ ਨੇ ਨਾਇਬ ਸਿੰਘ ਸੈਣੀ ਨੂੰ ਸਿਰਫ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣਾਇਆ ਹੈ। ਭਾਜਪਾ ਨੇ ਤਾਂ ਸਿਰਫ ਚਿਹਰਾ ਬਦਲਿਆ ਹੈ ਲੋਕ ਸਰਕਾਰ ਬਦਲਣਾ ਚਾਹੁੰਦੇ ਹਨ। ਗੱਠਜੋੜ ਦੇ ਵਧ ਰਹੇ ਗਰਾਫ ਤੋਂ ਭਾਜਪਾ ਘਬਰਾਈ ਹੋਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਬਿਆਨ ਕਿ ‘‘ਪੈਸਾ ਖਾਣ ਵਾਲੇ ਜੇਲ੍ਹ ਜਾਣਗੇ’’ ਦੇ ਜਵਾਬ ’ਚ ਕਿਹਾ ਕਿ ਸੈਣੀ ਖ਼ੁਦ ਦੱਸਣ ਕਿ ਉਨ੍ਹਾਂ ਦੀ ਦੀ ਸੰਪੱਤੀ 2009 ਦੇ ਮੁਕਾਬਲੇ 100 ਗੁਣਾ ਕਿਵੇਂ ਹੋ ਗਈ?