ਜੀਂਦ (ਪੱਤਰ ਪ੍ਰੇਰਕ): ਕੱਲ੍ਹ ਸ਼ਾਮੀਂ ਤੇਜ਼ ਹਵਾ ਚੱਲਣ ਅਤੇ ਮੀਂਹ ਨਾਲ ਜੁਲਾਨਾ ਦੇ ਇਲਾਕੇ ਵਿੱਚ ਬਿਜਲੀ ਵਿਭਾਗ ਦੇ ਇੱਕ ਟਰਾਂਸਫਾਰਮਰ ਉੱਤੇ ਦਰੱਖ਼ਤ ਡਿੱਗ ਗਿਆ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰਾਂਸਫਾਰਮਰ ਨੁਕਸਾਨਿਆ ਗਿਆ। ਬਿਜਲੀ ਅਧਿਕਾਰੀ ਸੰਜੈ ਲਾਠਰ ਨੇ ਦੱਸਿਆ ਕਿ ਇਸ ਟਰਾਂਸਫਾਰਮਰ ਦੇ ਉੱਤੇ ਦਰੱਖ਼ਤ ਦੇ ਡਿੱਗਣ ਨਾਲ ਬਿਜਲੀ ਵਿਭਾਗ ਨੂੰ 60/70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਬਿਜਲੀ ਨਿਗ਼ਮ ਦੁਆਰਾ ਪਿੰਡ ਬਾਹਮਣਵਾਸ ਤੋਂ ਪਿੰਡ ਦੇਵਰੜ ਰੋਡ ’ਤੇ ਸੁਨੀਲ ਨਾਮਕ ਕਿਸਾਨ ਨੂੰ ਕੁਨੈਕਸ਼ਨ ਦੇਣ ਲਈ ਖੇਤਾਂ ਵਿੱਚ 25 ਕੇ.ਵੀ.ਏ. ਦਾ ਟਰਾਂਸਫਾਰਮਰ ਰੱਖਿਆ ਹੋਇਆ ਸੀ, ਜਿਸ ਉੱਤੇ ਕੱਲ੍ਹ ਸ਼ਾਮੀਂ ਦਰੱਖ਼ਤ ਡਿੱਗ ਗਿਆ ਅਤੇ ਸੂਚਨਾ ਮਿਲਣ ਉੱਤੇ ਤੁਰੰਤ ਬਿਜਲੀ ਬੰਦ ਕਰ ਦਿੱਤੀ ਗਈ ਸੀ।