ਸਤਪਾਲ ਰਾਮਗੜ੍ਹੀਆ
ਪਿਹੋਵਾ, 25 ਜੁਲਾਈ
ਸਰਕਾਰ ਵੱਲੋਂ ਸ਼ਾਮਲਾਤ ਦੇਹ ਜੁਮਲਾ ਮੁਸ਼ਤਰਕਾ ਮਾਲਕਨ ਜ਼ਮੀਨ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਪੱਤਰ ਜਾਰੀ ਕੀਤੇ ਜਾਣ ਕਾਰਨ ਕਿਸਾਨਾਂ ‘ਚ ਰੋਸ ਹੈ। ਗੁੱਸੇ ਵਿੱਚ ਆਏ ਕਿਸਾਨਾਂ ਨੇ ਸੋਮਵਾਰ ਨੂੰ ਤਹਿਸੀਲ ਦਫ਼ਤਰ ਦਾ ਘਿਰਾਓ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਰੀਬ ਇੱਕ ਘੰਟੇ ਤੱਕ ਪ੍ਰਦਰਸ਼ਨ ਕਰਨ ਤੋਂ ਬਾਅਦ ਕਿਸਾਨਾਂ ਨੇ ਤਹਿਸੀਲਦਾਰ ਪ੍ਰਿਅੰਕਾ ਨੂੰ ਮੰਗ ਪੱਤਰ ਸੌਂਪਿਆ। ਧਰਨਾਕਾਰੀ ਕਿਸਾਨਾਂ ਦੀ ਅਗਵਾਈ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਜੋਗਿੰਦਰ ਕਾਜਲ, ਕੰਵਲਜੀਤ ਸਿੰਘ ਵਿਰਕ ਅਤੇ ਬੁਲਾਰੇ ਪ੍ਰਿੰਸ ਵੜੈਚ ਨੇ ਦੱਸਿਆ ਕਿ 7 ਅਪਰੈਲ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ, ਜਿਸ ਦੇ ਚੱਲਦਿਆਂ ਵਿੱਤ ਕਮਿਸ਼ਨਰ ਨੇ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਵਿੱਤ ਕਮਿਸ਼ਨਰ ਵੱਲੋਂ ਜਾਰੀ ਪੱਤਰ ਅਨੁਸਾਰ ਸਾਰੀ ਸ਼ਾਮਲਾਟ ਦੇਹ ਆਦਿ ਸਾਰੀ ਜ਼ਮੀਨ ਦੀ ਮਾਲਕੀ ਕਿਰਾਏਦਾਰ ਕਿਸਾਨਾਂ ਤੋਂ ਵਾਪਸ ਲੈ ਕੇ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੇ ਨਾਂ ਕੀਤੀ ਜਾਵੇਗੀ। ਕੁਝ ਤਹਿਸੀਲਾਂ ਵਿੱਚ ਅਜਿਹੀਆਂ ਜ਼ਮੀਨਾਂ ਦੇ ਇੰਤਕਾਲ ਤੋੜ ਕੇ ਪੰਚਾਇਤਾਂ ਦੇ ਨਾਂ ਵੀ ਹੋ ਗਏ ਹਨ। ਜਦੋਂਕਿ ਮਾਲ ਰਿਕਾਰਡ ਅਨੁਸਾਰ ਕਿਸਾਨ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਜ਼ਮੀਨਾਂ ’ਤੇ ਖੇਤੀ ਕਰਦੇ ਆ ਰਹੇ ਹਨ। ਇਸ ਖੇਤਰ ਦੇ ਵੱਖ-ਵੱਖ ਦਰਜਨਾਂ ਪਿੰਡਾਂ ਵਿੱਚ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਅਜਿਹੀਆਂ ਹਨ ਜੋ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੀਆਂ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਲੇਜ ਲੈਂਡ ਰੈਗੂਲੇਸ਼ਨ ਐਕਟ ਵਿੱਚ ਸੋਧ ਕਰਕੇ ਉਕਤ ਜ਼ਮੀਨਾਂ ਦੇ ਮਾਲਕੀ ਹੱਕ ਕਾਬਜ਼ ਅਤੇ ਕਿਰਾਏਦਾਰ ਕਿਸਾਨਾਂ ਨੂੰ ਦੇਣ ਲਈ ਸਰਕਾਰ ਵੱਲੋਂ ਪ੍ਰਸਤਾਵ ਪਾਸ ਕੀਤਾ ਜਾਵੇ ਤਾਂ ਕਿ ਇਨ੍ਹਾਂ ਕਿਸਾਨਾਂ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸੁਭਾਸ਼ ਚੰਦ ਰਾਮਗੜ੍ਹ, ਜਸਮੇਰ, ਜੋਗਿੰਦਰ ਕਾਜਲ, ਸੰਜੀਵ, ਪ੍ਰੀਤ ਮਹਿੰਦਰ ਸਿੰਘ, ਗਗਨ ਅਰੋੜਾ, ਸਤਪਾਲ ਚੂਨੀਆ ਫਾਰਮ, ਰਾਜਿੰਦਰ ਖੰਗੂੜਾ, ਕਾਕੂ ਚੀਮਾ, ਦਵਿੰਦਰ ਇਸ਼ਕ, ਸੰਜੂ ਸੰਧੌਲਾ, ਸਤਬੀਰ ਬਖਲੀ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।