ਮਹਾਂਵੀਰ ਮਿੱਤਲ
ਜੀਂਦ, 14 ਅਪਰੈਲ
ਦੱਖਣੀ ਹਰਿਆਣਾ ਬਿਜਲੀ ਵਿਤਰਣ ਨਿਗ਼ਮ ਨੇ ਇੱਥੇ ਬਾਲ ਭਵਨ ਰੋਡ ਉੱਤੇ ਸੜਕ ਵਿਚਕਾਰ ਲੱਗੇ ਖੰਭੇ ਅਤੇ ਟਰਾਂਸਫਾਰਮਰ ਹਟਵਾਉਣ ਦਾ ਕੰਮ ਸੁਰੂ ਕਰ ਦਿੱਤਾ ਹੈ। ਜੀਂਦ ਵਿਕਾਸ ਸੰਗਠਨ ਨੇ ਇਸ ਨੂੰ ਸੰਗਠਨ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਸੰਗਠਨ ਨੇ ਇਹ ਖੰਭੇ ਅਤੇ ਟਰਾਂਸਫਾਰਮਰ ਹਟਵਾਉਣ ਲਈ 4 ਮਹੀਨੇ ਸੰਘਰਸ਼ ਕੀਤਾ ਸੀ ਅਤੇ ਧਰਨਾ ਵੀ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇੱਥੇ ਬਾਲ ਭਵਨ ਉੱਤੇ ਲਗਪਗ ਸਾਲ ਪਹਿਲਾਂ ਡਿਵਾਈਡਰ ਬਣਾਇਆ ਗਿਆ ਸੀ ਤੇ ਸੜਕ ਦੇ ਇੱਕ ਪਾਸੇ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਵਿਚਕਾਰ ਵਿੱਚ ਲੱਗੇ ਹੋਏ ਸੀ। ਇਸ ਕਾਰਨ ਇੱਥੇ ਆਵਾਜਾਈ ਬੰਦ ਹੋ ਗਈ ਸੀ। ਉੱਥੋਂ ਦੇ ਨਿਵਾਸੀਆਂ ਨੇ ਇਨ੍ਹਾਂ ਖੰਭਿਆਂ ਅਤੇ ਟਰਾਂਸਫਾਰਮਰ ਨੂੰ ਇੱਕ ਪਾਸੇ ਲਾਉਣ ਲਈ ਸਬੰਧਿਤ ਵਿਭਾਗ ਤੱਕ ਬਥੇਰਾ ਜ਼ੋਰ ਲਾਇਆ ਪਰ ਵਿਭਾਗ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਮਗਰੋਂ ਜੀਂਦ ਵਿਕਾਸ ਸੰਗਠਨ ਨੇ ਸੰਘਰਸ਼ ਆਰੰਭ ਕਰ ਦਿੱਤਾ ਤੇ ਧਰਨਾ ਵੀ ਦਿੱਤਾ। ਅੰਤ 4 ਮਹੀਨਿਆਂ ਦੇ ਸੰਘਰਸ਼ ਮਗਰੋਂ ਉਨ੍ਹਾਂ ਦਾ ਸੰਘਰਸ਼ ਹੁਣ ਰੰਗ ਲਿਆਇਆ ਹੈ ਕਿ ਇੱਥੇ ਖੰਭੇ ਅਤੇ ਟਰਾਂਸਫਾਰਮਰ ਹਟਵਾਉਣ ਲਈ ਸਾਰਾ ਸਾਮਾਨ ਵੀ ਆ ਗਿਆ ਹੈ ਤੇ ਵਿਭਾਗ ਦੁਆਰਾ ਕੰਮ ਵੀ ਸੁਰੂ ਕਰ ਦਿੱਤਾ ਗਿਆ ਹੈ। ਸੰਗਠਨ ਦੇ ਪ੍ਰਧਾਨ ਰਾਜ ਕੁਮਾਰ ਗੋਇਲ ਨੇ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਸੜਕ ਦੇ ਵਿਚਕਾਰ ਲੱਗੇ ਖੰਭੇ ਅਤੇ ਟਰਾਂਸਫਾਰਮਰ ਹਟਣ ਮਗਰੋਂ ਆਮ ਲੋਕਾਂ ਲਈ ਆਵਾਜਾਈ ਵਿੱਚ ਕੋਈ ਦਿੱਕਤ ਨਹੀਂ ਆਵੇਗੀ।