ਦੇਵਿੰਦਰ ਸਿੰਘ
ਯਮੁਨਾਨਗਰ, 11 ਸਤੰਬਰ
ਯਮੁਨਾਨਗਰ ਦੇ ਪਿੰਡ ਕਾਮੀ ਮਾਜਰਾ ਵਾਸੀ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਤੱਕ ਵੀ ਨਹੀਂ ਕੀਤਾ ਗਿਆ। ਆਲਮ ਇਹ ਹੈ ਕਿ ਪਿੰਡ ਵਿੱਚ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਅਰਥੀ ਨੂੰ ਮੋਢੇ ਤੇ ਚੁੱਕ ਕੇ ਸ਼ਮਸ਼ਾਨਘਾਟ ਤੱਕ ਜਾਣ ਲਈ ਵੀ ਗੰਦੇ ਪਾਣੀ ਵਿੱਚੋਂ ਹੀ ਲੰਘਣਾ ਪੈਂਦਾ ਹੈ।
ਕਾਮੀ ਮਾਜਰਾ ਦੇ ਵਾਸੀ ਮੇਹਰਚੰਦ, ਸਤਾਰ, ਰਾਜਵੀਰ, ਸੋਨੂੰ, ਸੁਭਾਸ਼ ਅਤੇ ਜੋਗਿੰਦਰ ਆਦਿ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਗਲੀਆਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ ਜਿਸ ਕਾਰਨ ਜਿੱਥੇ ਛੋਟੇ ਬੱਚੇ ਗਲੀਆਂ ਵਿੱਚ ਭਰੇ ਗੰਦੇ ਪਾਣੀ ਵਿੱਚੋਂ ਲੰਘ ਕੇ ਸਕੂਲਾਂ ਵਿੱਚ ਜਾਣ ਲਈ ਮਜਬੂਰ ਹਨ ਉੱਥੇ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਗੰਦੇ ਪਾਣੀ ਵਿੱਚੋਂ ਲੰਘ ਕੇ ਮਸਜਿਦ ਜਾਣਾ ਪੈਂਦਾ ਹੈ। ਭਾਵੇਂ ਪਿੰਡ ਨਗਰ ਨਿਗਮ ਅਧੀਨ ਆਉਂਦਾ ਹੈ ਪਰ ਫਿਰ ਵੀ ਬੁਨਿਆਦੀ ਸਹੂਲਤਾਂ ਤੋਂ ਸਖਣਾ ਹੈ। ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ, ਮੇਅਰ, ਕੌਂਸਲਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀ ਮੰਗ ਕਰ ਚੁੱਕੇ ਹਨ, ਜੋ ਹਾਲੇ ਤੱਕ ਬਰਕਰਾਰ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਖਬਾਰਾਂ ਵਿੱਚ ਭਾਜਪਾ ਆਗੂਆਂ ਦੇ ‘ਸਭ ਕਾ ਸਾਥ ਸਭ ਕਾ ਵਿਕਾਸ’ ਦੇ ਤੇ ਬਿਆਨ ਫੋਕੇ ਵਿਖਾਈ ਦੇ ਰਹੇ ਹਨ।
ਦੂਜੇ ਪਾਸੇ ਨਗਰ ਨਿਗਮ ਮੇਅਰ ਮਦਨ ਚੌਹਾਨ ਨੇ ਕਿਹਾ ਕਿ ਪਿੰਡ ਕਾਮੀ ਮਾਜਰਾ ਵਿੱਚ ਦਰਪੇਸ਼ ਸਮੱਸਿਆਵਾਂ ਜਲਦੀ ਹੀ ਦੂਰ ਕਰਨ ਦੇ ਯਤਨ ਕੀਤੇ ਜਾਣਗੇ।