ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਰਹੀ ਅਤੇ ਸਟੇਜ ਦੀ ਕਾਰਵਾਈ ਔਰਤ ਭੈਣਾਂ ਵੱਲੋਂ ਚਲਾਈ ਗਈ। ਇਕੱਠ ਨੇ ਅਜਮੇਰ ਸਿੰਘ ਅਕਲੀਆ ਦੁਆਰਾ ਪੇਸ਼ ਕੀਤੇ ਗਏ ਗੀਤ ‘ਸਹੁੰ ਖਾਂਦੇ ਅਸੀਂ ਜਵਾਨੀਆਂ ਦੀ ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ’ ਤੇ ਖੜ੍ਹੇ ਹੋ ਕੇ ਨਾਅਰਿਆਂ ਦੀ ਗੂੰਜ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੰਯੁਕਤ ਮੋਰਚੇ ਦੇ ਸੱਦੇ ’ਤੇ ਲਖਮੀਰਪੁਰ ਖੀਰੀ ਘਟਨਾ ਦੇ ਮੁਲਜ਼ਮ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤੀ ਅਤੇ ਫੌਰੀ ਗ੍ਰਿਫ਼ਤਾਰੀ ਕਰਕੇ ਜੇਲ੍ਹਾਂ ਪਿੱਛੇ ਸੁੱਟਣ ਦੀ ਮੰਗ ਕੀਤੀ।
ਅੱਜ ਸਟੇਜ ਤੋਂ ਮੋਗਾ ਜ਼ਿਲ੍ਹੇ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਹਾ ਜੋ ਲਖੀਮਰਪੁਰ ਖੀਰੀ ਦੇ ਵਿਚ ਅੰਦੋਲਨਕਾਰੀ ਕਿਸਾਨਾਂ ਨੂੰ ਗੱਡੀਆਂ ਥੱਲੇ ਦਰੜ ਕੇ ਕਤਲ ਕੀਤਾ ਗਿਆ ਹੈ, ਉਸ ਦਾ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਬਣਦਾ ਹੈ। 3 ਅਕਤੂਬਰ ਦੀ ਘਟਨਾ ਤੋਂ ਪਹਿਲਾਂ 25 ਸਤੰਬਰ ਨੂੰ ਭਾਜਪਾ ਦੇ ਇੱਕ ਪ੍ਰੋਗਰਾਮ ਵਿੱਚ ਉਸ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਚੈਲੰਜ ਕੀਤਾ ਸੀ ਕਿ ਮੈਂ ਇਕੱਲਾ ਮੰਤਰੀ ਹੀ ਨਹੀਂ ਮੇਰਾ ਪਿਛਲਾ ਪਿਛੋਕੜ ਦੇਖੋ ਮੈਂ ਕੁਝ ਹੋਰ ਵੀ ਹਾਂ। ਜੇ ਮੇਰਾ ਇਰਾਦਾ ਹੋ ਗਿਆ ਤਾਂ ਮੈਂ ਅੰਦੋਲਨਕਾਰੀ ਕਿਸਾਨਾਂ ਨੂੰ ਤਿਕੋਣੀਆਂ ਤੋਂ ਲਖੀਮਪੁਰ ਖੀਰੀ ਤਕ ਦੋ ਮਿੰਟਾਂ ਵਿੱਚ ਖ਼ਤਮ ਕਰ ਦੇਵਾਂਗਾ। ਮਨਜੀਤ ਕੌਰ ਘੋੜੇਨਵ ਅਤੇ ਗੁਰਮੇਲ ਕੌਰ ਕੋਠਾ ਗੁਰੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ’ਤੇ ਕੋਈ ਕੰਟਰੋਲ ਨਹੀਂ ਕਰ ਰਹੀ। ਤੇਲ ਕੰਪਨੀਆਂ ਵੱਲੋਂ ਖ਼ਪਤਕਾਰ ਕਿਸਾਨ ਜਾਂ ਵੱਖ ਵੱਖ ਖਿੱਤਿਆਂ ਵਿਚ ਕੰਮ ਕਰਦੇ ਲੋਕਾਂ ਨੂੰ ਡੀਜ਼ਲ ਅਤੇ ਪੈਟਰੋਲ ਸੌ ਰੁਪਏ ਤੋਂ ਵੱਧ ਵੇਚਿਆ ਜਾ ਰਿਹਾ ਹੈ ਪਰ ਪੂੰਜੀਪਤੀਆਂ ਵਾਸਤੇ ਜਿਨ੍ਹਾਂ ਦੇ ਜਹਾਜ਼ ਚੱਲਦੇ ਹਨ ਉਹਨਾਂ ਵਿੱਚ ਵਰਤਣ ਵਾਲਾ ਤੇਲ ਉਨ੍ਹਾਂ ਨੂੰ ਅੱਸੀ ਰੁਪਏ ਲਿਟਰ ਦਿੱਤਾ ਜਾਂਦਾ ਹੈ। ਹਰਿਆਣਾ ਤੋਂ ਸ਼ਾਰਦਾ ਦੀਕਸ਼ਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਪੂੰਜੀਪਤੀਆਂ ਦੀ ਗੁਲਾਮ ਹੈ।
ਕਿਰਤੀ ਕਿਸਾਨ ਯੂਨੀਅਨ ਦਾ ਜਥਾ ਸਿੰਘੂ ਬਾਰਡਰ ਪਹੁੰਚਿਆ
ਦਿੱਲੀ ਅੰਦੋਲਨ ਦੇ 11 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਜਥਾ ਅੱਜ ਸਿੰਘੂ ਬਾਰਡਰ ਪਹੁੰਚਿਆ, ਜਿੱਥੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਅਤੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸਟੇਜ ਤੱਕ ਵਿਸ਼ਾਲ ਮਾਰਚ ਕੀਤਾ ਗਿਆ। ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਿਛਲੇ ਗਿਆਰਾਂ ਮਹੀਨਿਆਂ ਤੋਂ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਪੰਜਾਬ ਹਰਿਆਣਾ ਅੰਦਰ ਸ਼ਾਪਿੰਗ ਮਾਲ, ਰੇਲਵੇ ਸਟੇਸ਼ਨਾਂ, ਟੌਲ ਬੈਰੀਅਰਾਂ ਸਮੇਤ ਸੈਂਕੜੇ ਥਾਵਾਂ ’ਤੇ ਲਗਾਤਾਰ ਧਰਨੇ ਚੱਲ ਰਹੇ ਹਨ ਪਰ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਨ ਲਈ ਬਜ਼ਿੱਦ ਹੈ। ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਫੈਲੇ ਦੇਸ਼ ਵਿਆਪੀ ਅੰਦੋਲਨ ਨੂੰ ਹਰ ਹੀਲੇ ਬਦਨਾਮ ਕਰਕੇ, ਖਿੰਡਾ ਕੇ ਕੁਚਲਣਾ ਚਾਹੁੰਦੀ ਹੈ। ਇਸ ਕਰਕੇ ਅੰਦੋਲਨ ਖ਼ਿਲਾਫ਼ ਆਏ ਦਿਨ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਹਿਰੀਲਾ ਪ੍ਰਚਾਰ ਅੰਦੋਲਨਕਾਰੀਆਂ ਅਤੇ ਆਗੂਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਪਰ ਪੂਰੇ ਦੇਸ਼ ਦੀ ਕਿਸਾਨੀ ਦਾ ਭਵਿੱਖ ਤੈਅ ਕਰਨ ਵਾਲੇ ਇਸ ਅੰਦੋਲਨ ਤੋਂ ਕਿਸਾਨ ਕਿਸੇ ਹਿੱਲੇ ਵੀ ਪਿੱਛੇ ਨਹੀਂ ਮੁੜਨਗੇ।
ਕਿਸਾਨਾਂ ਵੱਲੋਂ ਜ਼ਿਲ੍ਹਾ ਸਕੱਤਰੇਤ ’ਤੇ ਰੋਸ ਮੁਜ਼ਾਹਰਾ
ਯਮੁਨਾਨਗਰ (ਦਵਿੰਦਰ ਸਿੰਘ): ਕਿਸਾਨ ਅੰਦੋਲਨ ਦੇ ਗਿਆਰਾਂ ਮਹੀਨੇ ਮੁਕੰਮਲ ਹੋਣ ਅਤੇ ਯੂਪੀ ਦੇ ਲਖੀਮਪੁਰ ਖੀਰੀ ਹਿੰਸਾ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ 3 ਘੰਟੇ ਜ਼ਿਲ੍ਹਾ ਸਕੱਤਰੇਤ ’ਤੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਪਤੀ ਦੇ ਨਾਂ ’ਤੇ ਇੱਕ ਯਾਦ ਪੱਤਰ ਦਿੱਤਾ। ਕਿਸਾਨ ਆਗੂ ਹਰਪਾਲ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਨੂੰ ਤਿੰਨ ਹਫਤੇ ਹੋ ਗਏ ਹਨ ਪਰ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੋਈ। ਸਰਕਾਰ ਨੇ ਕੇਂਦਰੀ ਰਾਜ ਗ੍ਰਹਿ ਮੰਤਰੀ ਨੂੰ ਬਰਖਾਸਤ ਵੀ ਨਹੀਂ ਕੀਤਾ ਜਦਕਿ ਹਿੰਸਾ ਵਿੱਚ ਇਸਤੇਮਾਲ ਕੀਤਾ ਗਿਆ ਵਾਹਨ ਮੰਤਰੀ ਦੇ ਨਾਂ ’ਤੇ ਰਜਿਸਟਰਡ ਹੈ ਅਤੇ ਉਨ੍ਹਾਂ ਖਿਲਾਫ 120 ਬੀ ਦਾ ਮੁਕੱਦਮਾ ਵੀ ਦਰਜ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮੰਤਰੀ ਦੀਆਂ ਧਮਕੀਆਂ ਵਾਲੀਆਂ ਕਈ ਵੀਡਿਓ ਵੀ ਵਾਇਰਲ ਹਨ ਪਰ ਸਰਕਾਰ ਨੇ ਮੁਲਜ਼ਮਾਂ ਨੂੰ ਵੀਆਈਪੀ ਦਾ ਦਰਜਾ ਦਿੱਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੰਤਰੀ ਨੂੰ ਜਲਦੀ ਬਰਖਾਸਤ ਨਾ ਕੀਤਾ ਗਿਆ ਤਾਂ ਉਹ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਿਸਾਨਾਂ ਨੇ ਹਾਈ ਕੋਰਟ ਦੀ ਪ੍ਰਤੱਖ ਨਿਗਰਾਨੀ ਵਿੱਚ ਐੱਸਆਈਟੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ।