ਪੱਤਰ ਪ੍ਰੇਰਕ
ਯਮੁਨਾਨਗਰ, 28 ਨਵੰਬਰ
ਸ਼ਹਿਰ ਦੇ ਸੈਕਟਰ-13 ਦੇ ਲਾਗੇ ਰਟੌਲੀ ਮਾਰਗ ’ਤੇ ਹਫਤਾ ਪਹਿਲਾਂ ਹੋਈ ਅਰਜੁਨ ਸਿੰਘ ਨਾਂ ਦੇ ਵਿਅਕਤੀ ਦੀ ਹੱਤਿਆ ਦਾ ਦੋਸ਼ੀ ਮ੍ਰਿਤਕ ਦਾ ਪੁੱਤਰ ਹੀ ਨਿਕਲਿਆ, ਜਿਸ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਗੱਲ ਦਾ ਖੁਲਾਸਾ ਮ੍ਰਿਤਕ ਦੇ ਬੇਟੇ ਸ਼ੈਂਟੀ ਨੇ ਪੁਲੀਸ ਵੱਲੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਕੀਤਾ। ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਅਰਜੁਨ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਗੁਲਾਬ ਨਗਰ ਵਾਸੀ ਇੱਕ ਮਹਿਲਾ ਨਾਲ ਨਾਜਾਇਜ਼ ਸਬੰਧ ਸਨ। ਇਨ੍ਹਾਂ ਸਬੰਧਾਂ ਕਰ ਕੇ ਉਹ ਅਕਸਰ ਉਸ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਝਗੜਾ ਕਰਦਾ ਸੀ। ਇਸ ਦੌਰਾਨ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਘਰੋਂ ਕੱਢ ਦਿੱਤਾ ਸੀ। ਇਸ ਕਾਰਨ ਹੀ ਉਸ ਨੇ ਆਪਣੇ ਦੋਸਤ ਰਵੀ ਉਰਫ ਸੋਨੂੰ ਨਾਲ ਮਿਲ ਕੇ ਆਪਣੇ ਪਿਤਾ ਦੀ ਹੱਤਿਆ ਦੀ ਯੋਜਨਾ ਬਣਾਈ ਅਤੇ 20 ਨਵੰਬਰ ਨੂੰ ਰਟੌਲੀ ਮਾਰਗ ’ਤੇ ਸਿਰ ਵਿੱਚ ਹਥੌੜਾ ਮਾਰ ਕੇ ਅਤੇ ਗਲਾ ਵੱਢ ਕੇ ਹੱਤਿਆ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਹੱਤਿਆ ਵਿੱਚ ਵਰਤੇ ਹਥਿਆਰ ਬਰਾਮਦ ਕਰਨ ਲਈ ਰਿਮਾਂਡ ਲਿਆ ਹੈ।