ਪੱਤਰ ਪ੍ਰੇਰਕ
ਰਤੀਆ, 22 ਮਈ
ਲਗਪਗ ਦੋ ਸਾਲ ਪਹਿਲਾਂ ਸਰਕਾਰੀ ਸੈਕੰਡਰੀ ਸਕੂਲ ਮਿਰਾਨਾ ਦੇ ਨਜ਼ਦੀਕ ਖੇਡ ਦੇ ਮੈਦਾਨ ਲਈ ਦਿੱਤੀ ਗਈ ਜ਼ਮੀਨ ਨਾਲ ਲੱਗਦੀ ਵਿਵਾਦਿਤ ਜ਼ਮੀਨ ’ਤੇ ਗੋਡੀ ਦਾ ਕੰਮ ਸ਼ੁਰੂ ਕਰਨ ਦੇ ਮਾਮਲੇ ਨੂੰ ਲੈ ਕੇ ਸਿੱਖਿਆ ਸੰਮਤੀ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਇੰਚਾਰਜ ਰਮੇਸ਼ ਕੁਮਾਰ ਨੇ ਇਸ ਜ਼ਮੀਨ ’ਤੇ ਕੰਮ ਬੰਦ ਕਰਵਾ ਕੇ ਦੋਵੇਂ ਧਿਰਾਂ ਨੂੰ ਦਸਤਾਵੇਜ਼ਾਂ ਸਮੇਤ ਥਾਣੇ ਵਿੱਚ ਤਲਬ ਕੀਤਾ ਹੈ। ਸਦਰ ਥਾਣਾ ਵਿਚ ਪਹੁੰਚੇ ਲੋਕਾਂ ਵਿਚ ਸ਼ਾਮਿਲ ਸਿੱਖਿਆ ਕਮੇਟੀ ਦੇ ਪ੍ਰਧਾਨ ਗੁਰਮੁਖੀ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ, ਧਰਮਪਾਲ, ਉਜਾਗਰ ਸਿੰਘ, ਵਕੀਲ ਸਿੰਘ ਆਦਿ ਨੇ ਦੱਸਿਆ ਕਿ ਪੰਜ ਜਨਵਰੀ 2020 ਨੂੰ ਸਕੂਲ ਵਿਚ ਸਰਪੰਚ ਦੀ ਪ੍ਰਧਾਨਗੀ ਹੇਠ ਪਿੰਡ ਇੱਕ ਸਭਾ ਬੁਲਾਈ ਗਈ, ਜਿਸ ਵਿਚ ਪਿੰਡ ਵਾਸੀਆਂ ਨੇ ਸਕੂਲ ਲਈ ਜਗ੍ਹਾ ਲੈਣ ਲਈ ਰਾਸ਼ੀ ਇਕੱਠੀ ਕੀਤੀ ਸੀ। ਪਿੰਡ ਦੇ ਲੋਕਾਂ ਨੇ ਜਗਦੀਪ ਸਿੰਘ ਤੋਂ ਅੱਠ ਲੱਖ ਰੁਪਏ ਵਿੱਚ ਦੋ ਕਨਾਲ ਜ਼ਮੀਨ ਸਕੂਲ ਦੇ ਖੇਡ ਮੈਦਾਨ ਵਾਸਤੇ ਲਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੋਰਟ ਵਿਚ ਹੋਣ ਦੇ ਬਾਵਜੂਦ ਅੱਜ ਸਵੇਰੇ ਜਗਦੀਪ ਸਿੰਘ ਨੇ ਜ਼ਮੀਨ ’ਤੇ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ।
ਉਧਰ, ਜਗਦੀਪ ਸਿੰਘ ਨੇ ਆਪਣੇ ਦਸਤਾਵੇਜ਼ ਦਿਖਾਉਂਦੇ ਹੋਏ ਦੱਸਿਆ ਕਿ ਲਗਪਗ 40-50 ਸਾਲ ਪਹਿਲਾਂ ਉਸ ਦੇ ਦਾਦਾ ਨੇ ਛੇ ਕਨਾਲ ਜ਼ਮੀਨ ਸਕੂਲ ਨੂੰ ਦਾਨ ਵਿੱਚ ਦਿੱਤੀ ਸੀ। ਇਸ ਉਪਰੰਤ 40 ਹਜ਼ਾਰ ਰੁਪਏ ਮਰਲੇ ਵਾਲੀ ਜ਼ਮੀਨ ਨੂੰ ਉਨ੍ਹਾਂ 20 ਹਜ਼ਾਰ ਰੁਪਏ ਮਰਲੇ ਦੇ ਹਿਸਾਬ ਨਾਲ ਦੋ ਕਨਾਲ ਜ਼ਮੀਨ ਸਕੂਲ ਨੂੰ ਮੈਦਾਨ ਲਈ ਦਿੱਤੀ ਹੈ। ਉਪਰੋਕਤ ਜ਼ਮੀਨ ਦੇਣ ਦੇ ਬਾਵਜੂਦ ਇਨ੍ਹਾਂ ਲੋਕਾਂ ਨੇ ਉਸ ਖਿਲਾਫ਼ ਕੋਰਟ ਵਿਚ ਝੂਠਾ ਕੇਸ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ’ਤੇ ਉਹ ਟਰੈਕਟਰ ਚਲਾ ਰਿਹਾ ਸੀ, ਉਸ ’ਤੇ ਕੋਈ ਸਟੇਅ ਨਹੀਂ ਹੈ ਅਤੇ ਉਸ ਕੋਲ ਪੂਰੇ ਦਸਤਾਵੇਜ਼ ਵੀ ਹਨ।
ਇਸ ਸਬੰਧੀ ਸਦਰ ਥਾਣਾ ਇੰਚਾਰਜ ਰਮੇਸ਼ ਕੁਮਾਰ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ।