ਜਗਤਾਰ ਸਮਾਲਸਰ
ਏਲਨਾਬਾਦ, 25 ਜੂਨ
ਏਲਨਾਬਾਦ ਖੇਤਰ ਵਿੱਚ ਅੱਜ ਦੁਪਹਿਰ ਬਾਅਦ ਆਈ ਤੇਜ਼ ਹਨੇਰੀ ਅਤੇ ਬਰਸਾਤ ਕਾਰਨ ਖੇਤ ਵਿੱਚ ਬਣੇ ਕਮਰੇ ਦੀ ਛੱਤ ਡਿੱਗਣ ਕਾਰਨ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਏਲਨਾਬਾਦ ਦੇ ਨਾਗਰਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਕਾਸ਼ੀ ਕਾ ਬਾਸ ਨਿਵਾਸੀ ਮਾਨਾ ਰਾਮ, ਦਰਸ਼ਨ ਸਿੰਘ, ਹੰਸਾ ਦੇਵੀ, ਵੀਰਪਾਲ ਅਤੇ ਰਿੰਕੂ ਪਿੰਡ ਮਿਠੁਨਪੁਰਾ ਦੀ ਕਰਮਸ਼ਾਨਾ ਰੋਡ ’ਤੇ ਨਹਿਰ ਕੋਲ ਝੋਨਾ ਲਗਾ ਰਹੇ ਸਨ ਕਿ ਅਚਾਨਕ ਹੀ ਤੇਜ਼ ਹਨੇਰੀ ਅਤੇ ਬਰਸਾਤ ਆਉਣ ਕਾਰਨ ਉਹ ਖੇਤ ਵਿੱਚ ਬਣੇ ਇੱਕ ਕਮਰੇ ਵਿੱਚ ਚਲੇ ਗਏ। ਇਸ ਦੌਰਾਨ ਹੀ ਕਮਰੇ ਦੀ ਟੀਨ ਨਾਲ ਬਣੀ ਹੋਈ ਛੱਤ ਉਨ੍ਹਾਂ ਉੱਪਰ ਆ ਡਿੱਗੀ ਜਿਸ ਕਾਰਨ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ।
ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਭਾਈ ਘਨੱਈਆ ਮਾਨਵ ਸੇਵਾ ਟਰੱਸਟ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਟਰੱਸਟ ਦੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਏਲਨਾਬਾਦ ਦੇ ਨਾਗਰਿਕ ਹਸਪਤਾਲ ਲਿਆਂਦਾ ਗਿਆ ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਦੋ ਮਜ਼ਦੂਰਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਸਿਰਸਾ ਲਈ ਰੈਫਰ ਕਰ ਦਿੱਤਾ ਗਿਆ।