ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਜੂਨ
ਕਾਂਗਰਸ ਦੇ ਸਾਬਕਾ ਬਲਾਕ ਕੋਆਰਡੀਨੇਟਰ ਤੇ ਮੌਜੂਦਾ ਕੌਂਸਲਰ ਮੋਹਨ ਲਾਲ ਭਾਂਵਰਾ ਨੇ ਅੱਜ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਤਹਿਤ ਸ਼ਾਹਬਾਦ ਹਲਕੇ ਦੇ ਪਿੰਡ ਚਿੱਬਾ, ਝੰਮਰੇੜੀ, ਧਾਰਸੀ, ਛੋਟੀ ਧਾਰਸੀ ਵਿਚ ਪਿੰਡ ਵਾਸੀਆਂ ਨੂੰ ਭਾਜਪਾ ਜਜਪਾ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਜਾਣੂੰ ਕਰਵਾਇਆ ਅਤੇ ਕਿਹਾ ਕਿ ਭਾਜਪਾ ਦੀਆਂ ਮਾਰੂ ਨੀਤੀਆਂ ਤੋਂ ਸੂਬੇ ਦੇ ਲੋਕ ਅੱਕ ਚੁੱਕ ਹਨ। ਉਨ੍ਹਾਂ ਨਾਲ ਹੀ ਦੇਸ਼ ਤੇ ਸੂਬੇ ਦੀ ਦਿਸ਼ਾ ਤੇ ਦਸ਼ਾ ਨੂੰ ਬਦਲਣ ਲਈ ਵਚਨਬੱਧ ਕਾਂਗਰਸ ਦੇ ਨਜ਼ਰੀਏ ਤੇ ਸੰਕਲਪ ਨੂੰ ਲੋਕਾਂ ਸਾਹਮਣੇ ਰੱਖਿਆ।
ਭਾਂਵਰਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੂਬਾ ਪ੍ਰਧਾਨ ਉਦੈ ਭਾਨ ਤੇ ਰਾਜ ਸਭਾ ਸੰਸਦ ਦੀਪੇਂਦਰ ਸਿੰਘ ਹੁੱਡਾ ਵੱਲੋਂ ਚਲਾਈ ਜਾ ਰਹੀ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਤਹਿਤ ਕਾਂਗਰਸ ਪਾਰਟੀ ਨੂੰ ਸ਼ਾਹਬਾਦ ਹਲਕੇ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਤੇ ਦਿਨ ਬਦਿਨ ਪਾਰਟੀ ਦਾ ਜਨ ਆਧਾਰ ਵੀ ਵਧ ਰਿਹਾ ਹੈ। ਉਨ੍ਹਾਂ ਨੇ ਪਾਰਟੀ ਵੱਲੋਂ ਜਾਰੀ ਸੰਕਲਪ ਪੱਤਰ ਲੋਕਾਂ ਨੂੰ ਦਿਖਾਉਂਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵੇਲੇ ਸੂਬਾ ਵਿਕਾਸ ਦੇ ਪੱਖੋਂ ਪਹਿਲੇ ਨੰਬਰ ’ਤੇ ਸੀ ਜਦਕਿ ਅੱਜ ਭਾਜਪਾ ਤੇ ਜਜਪਾ ਗੱਠਜੋੜ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਕਰਕੇ ਸੂਬੇ ਵਿੱਚ ਅਪਰਾਧ, ਮਹਿੰਗਾਈ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਭਾਂਵਰਾ ਨੇ ਕਿਹਾ ਕਿ ਭਾਜਪਾ-ਜਜਪਾ ਗਠਜੋੜ ਸਰਕਾਰ ਨੂੰ ਸੱਤਾ ਤੋਂ ਚਲਦਾ ਕਰਨ ਲਈ ਤੇ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਲੋਕਾਂ ਨੇ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਸੂਬੇ ਨੂੰ ਵਿਕਾਸ ਪਖੋਂ ਪਹਿਲੇ ਨੰਬਰ ’ਤੇ ਲਿਆਂਦਾ ਜਾਏਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਰੁਜ਼ਗਾਰ ਨਾ ਮਿਲਣ ਕਰਕੇ ਨੌਜੁਆਨ ਜਾਂ ਤਾਂ ਨਸ਼ਿਆਂ ਵਲ ਵਧ ਰਿਹਾ ਹੈ ਜਾਂ ਫਿਰ ਵਿਦੇਸ਼ਾਂ ਵਲ ਦੌੜ ਰਿਹਾ ਹੈ, ਜੋ ਕਿ ਸੂਬੇ ਦੇ ਲਈ ਮੰਦਭਾਗਾ ਹੈ।