ਨਿੱਜੀ ਪੱਤਰ ਪ੍ਰੇਰਕ
ਸਿਰਸਾ, 5 ਅਪਰੈਲ
ਇੱਥੋਂ ਦੇ ਸੈਕਟਰ-19 ਵਿੱਚ ਸਥਿਤ ਹਾਊਸਿੰਗ ਬਰੋਡ ਦੇ ਫਲੈਟ ਵਿੱਚ ਰਹਿਣ ਵਾਲੀ ਮਹਿਲਾ ਅਤੇ ਉਸ ਦੇ ਪੁੱਤਰ ’ਤੇ ਇਕ ਵਿਅਕਤੀ ਨੇ ਤੇਜ਼ਾਬ ਸੁੱਟ ਦਿੱਤਾ ਜਿਸ ਕਾਰਨ ਦੋਵੇਂ ਮਾਂ-ਪੁੱਤਰ ਬੁਰੀ ਤਰ੍ਹਾਂ ਝੁਲਸ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਿਵਲ ਲਾਈਨਜ਼ ਥਾਣਾ ਪੁਲੀਸ ਨੇ ਪੀੜਤਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ੇਰੇ ਇਲਾਜ ਮਹਿਲਾ ਨੇ ਦੱਸਿਆ ਕਿ ਲੰਘੀ ਰਾਤ ਉਹ ਆਪਣੇ ਪੁੱਤਰ ਖੁਸ਼ਦੀਪ ਸਿੰਘ ਨਾਲ ਆਪਣੇ ਫਲੈਟ ਵਿੱਚ ਸੁੱਤੀ ਹੋਈ ਸੀ। ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ। ਜਦੋਂ ਉਨ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਇਕ ਵਿਅਕਤੀ ਨੇ ਉਨ੍ਹਾਂ ’ਤੇ ਅਚਾਨਕ ਤੇਜ਼ਾਬ ਸੁੱਟ ਦਿੱਤਾ। ਰੌਲਾ ਪਾਉਣ ’ਤੇ ਇਕੱਠੇ ਹੋਏ ਲੋਕਾਂ ਨੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।