ਪੱਤਰ ਪ੍ਰੇਰਕ
ਯਮੁਨਾਨਗਰ, 18 ਜਨਵਰੀ
ਡਿਪਟੀ ਸਿਵਲ ਸਰਜਨ ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਜਠਲਾਨਾ ਪੁਲੀਸ ਨੇ ਕਰਨਾਲ ਦੇ ਪਿੰਡ ਲਬਕਰੀ ਵਾਸੀ ਇੱਕ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਕਰੇ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮੁਲਜ਼ਮ ਵੇਦ ਪਰਕਾਸ਼ ਕੰਨਿਆ ਭਰੂਣ ਲਿੰਗ ਜਾਂਚ ਕਰਵਾਉਣ ਵਿੱਚ ਵਿਚੋਲੀਏ ਦਾ ਕੰਮ ਕਰਦਾ ਸੀ ਅਤੇ ਇਸ ਕੰਮ ਲਈ ਯੂਪੀ ਜਾਂਦਾ ਸੀ। ਯੋਜਨਾ ਦੇ ਮੁਤਾਬਕ ਇੱਕ ਟੀਮ ਦਾ ਗਠਨ ਕੀਤਾ ਗਿਆ ਅਤੇ ਇੱਕ ਗਰਭਵਤੀ ਮਹਿਲਾ ਨੂੰ ਨਕਲੀ ਗ੍ਰਾਹਕ ਬਣਾ ਕੇ ਮੁਲਜ਼ਮ ਵੇਦ ਪਰਕਾਸ਼ ਨਾਲ ਸੰਪਰਕ ਕਰਵਾਇਆ ਗਿਆ ਅਤੇ ਲਿੰਗ ਜਾਂਚ ਦੀ ਗੱਲ ਕੀਤੀ ਗਈ ਜਿਸ ’ਤੇ ਵੇਦ ਪਰਕਾਸ਼ 18 ਹਜ਼ਾਰ ਰੁਪਏ ਵਿੱਚ ਲਿੰਗ ਜਾਂਚ ਕਰਵਾਉਣ ਲਈ ਤਿਆਰ ਹੋ ਗਿਆ। ਪੁਲੀਸ ਨੇ ਉਸਨੂੰ ਮਹਿਲਾ ਵੱਲੋਂ ਦਿੱਤੇ ਪੈਸੇ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।