ਨਿਜੀ ਪੱਤਰ ਪ੍ਰੇਰਕ
ਅੰਬਾਲਾ, 3 ਨਵੰਬਰ
ਛਾਉਣੀ ਦੀ ਡਿਫੈਂਸ ਕਾਲੋਨੀ ਵਿੱਚ ਅੱਜ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਿਸ ’ਚ ਉਹ ਖੁਦ ਵੀ ਝੁਲਸ ਗਿਆ। ਬੁਰੀ ਤਰ੍ਹਾਂ ਝੁਲਸੇ ਦੋਹਾਂ ਨੂੰ ਛਾਉਣੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮੇਰਠ ਵਾਸੀ ਮਨੋਜ ਦਾ ਆਪਣੀ ਪਤਨੀ ਨਿਸ਼ਾ ਨਾਲ ਵਿਵਾਦ ਚੱਲ ਰਿਹਾ ਹੈ। ਨਿਸ਼ਾ ਏਥੇ ਡਿਫੈਂਸ ਕਾਲੋਨੀ ’ਚ ਸੇਵਾਮੁਕਤ ਫ਼ੌਜੀ ਦੇ ਘਰ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਪਿਛਲੇ ਇਕ ਮਹੀਨੇ ਤੋਂ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਮਨੋਜ ਅੱਡ ਤੇ ਨਿਸ਼ਾ ਤਿੰਨ ਬੱਚਿਆਂ ਨਾਲ ਵੱਖਰੀ ਰਹਿ ਰਹੀ ਹੈ। ਉਹ ਰਸੋਈ ’ਚ ਖਾਣਾ ਬਣਾ ਰਹੀ ਸੀ ਕਿ ਮਨੋਜ ਸਿੱਧਾ ਅੰਦਰ ਆਣ ਵੜਿਆ ਤੇ ਆਪਣੇ ਹੱਥ ’ਚ ਫੜੀ ਬੋਤਲ ’ਚੋਂ ਜਲਨਸ਼ੀਲ ਪਦਾਰਥ ਨਿਸ਼ਾ ’ਤੇ ਸੁੱਟ ਦਿੱਤਾ। ਅੱਗ ਨੇ ਉਸ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਪੰਜੋਖਰਾ ਥਾਣਾ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਜੈ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਮਗਰੋਂ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਹਸਪਤਾਲ ’ਚ ਜ਼ੇਰੇ ਇਲਾਜ ਬੁਰੀ ਤਰ੍ਹਾਂ ਝੁਲਸੀ ਮਹਿਲਾ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਵੀ ਉਸ ਦੇ ਪਤੀ ਨੇ ਉਸ ’ਤੇ ਚਾਕੂ ਨਾਲ ਹਮਲਾ ਕੀਤਾ ਸੀ ਜਿਸ ਦੀ ਸ਼ਿਕਾਇਤ ਉਸ ਨੇ ਪੁਲੀਸ ਨੂੰ ਦਿੱਤੀ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਦੋਂ ਤੋਂ ਹੀ ਉਹ ਪਤੀ ਤੋਂ ਵੱਖਰੀ ਰਹਿ ਰਹੀ ਹੈ।
ਦੁਕਾਨ ਨੂੰ ਅੱਗ ਲੱਗੀ; ਲੱਖਾਂ ਦਾ ਨੁਕਸਾਨ
ਅੰਬਾਲਾ (ਨਿਜੀ ਪੱਤਰ ਪ੍ਰੇਰਕ) ਅੰਬਾਲਾ ਸ਼ਹਿਰ ਦੇ ਕਲਾਲ ਮਾਜਰੀ ਇਲਾਕੇ ਵਿਚ ਯੂਨੀਫ਼ਾਰਮ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਜਿਸ ਵਿਚ ਲੱਖਾਂ ਰੁਪਏ ਮੁੱਲ ਦਾ ਮਾਲ ਸਵਾਹ ਹੋ ਗਿਆ।ਜੇ ਫਾਇਰ ਬ੍ਰਿਗੇਡ ਵਾਲੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਨਾ ਪਾਉਂਦੇ ਤਾਂ ਇਸ ਨੇ ਆਸ-ਪਾਸ ਦੀਆਂ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਣਾ ਸੀ।ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਅਤੇ ਫਾਇਰ ਬ੍ਰਿਗੇਡ ਵਾਲਿਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਲੱਗੀ ਹੋ ਸਕਦੀ ਹੈ।ਦੁਕਾਨ ਮਾਲਕ ਅਜੈ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਵੀਰ ਯੂਨੀਫ਼ਾਰਮ ਨਾਂ ਦੀ ਦੁਕਾਨ ਵਿਚ ਤਕਰੀਬਨ 10 ਤੋਂ 12 ਲੱਖ ਰੁਪਏ ਦਾ ਕੱਪੜਾ ਭਰਿਆ ਹੋਇਆ ਸੀ।ਮੰਗਲਵਾਰ ਸ਼ਾਮ ਨੂੰ ਉਹ ਰੋਜ਼ਾਨਾ ਵਾਂਗ ਦੁਕਾਨ ਬੰਦ ਕਰ ਕੇ ਘਰ ਗਏ ਸਨ।ਦੇਰ ਰਾਤ ਕਿਸੇ ਨੇ ਫ਼ੋਨ ਕਰਕੇ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ।ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਦੁਕਾਨ ਵਿਚੋਂ ਅੱਗ ਦੇ ਭਾਂਬੜ ਉੱਠ ਰਹੇ ਸਨ।ਫਾਇਰ ਬ੍ਰਿਗੇਡ ਵਾਲਿਆਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ।