ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਪਰੈਲ
ਇੱਥੋਂ ਦੇ ਅਰੂਪ ਨਗਰ ਵਿਚ ਸਥਿਤ ਮਾਇਆ ਕਲੋਨੀ ਵਿਚ ਚੁੱਲ੍ਹੇ ਵਿੱਚੋਂ ਨਿਕਲੀ ਚੰਗਿਆੜੀ ਨਾਲ ਅੱਗ ਲੱਗਣ ’ਤੇ ਝੌਂਪੜੀ ਵਿਚ ਸੌਂ ਰਹੀਆਂ ਦੋ ਸਕੀਆਂ ਭੈਣਾਂ ਦੇ ਨਾਲ ਨਾਲ ਕਰੀਬ 28 ਬਕਰੀਆਂ ਵੀ ਸੜ ਗਈਆਂ। ਲੜਕੀਆਂ ਦੀ ਪਛਾਣ ਸ਼ਾਰਦਾ 3 ਸਾਲ ਤੇ ਰਾਧਿਕਾ 6 ਸਾਲ ਪੁੱਤਰੀਆਂ ਪਿਤਾ ਕੋਸ਼ੀ ਰਾਮ ਤੇ ਮਾਤਾ ਲਛਮੀ ਦੇ ਵਜੋਂ ਹੋਈ। ਅੱਗ ਲਗਣ ਦਾ ਕਾਰਨ ਝੌਂਪੜੀ ਦੇ ਨਾਲ ਬਲ ਰਹੇ ਚੁੱੱਲ੍ਹੇ ਨੂੰ ਦੱਸਿਆ ਜਾ ਰਿਹਾ ਹੈ। ਪੁਲੀਸ ਤੇ ਪ੍ਰਸ਼ਾਸ਼ਨ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਦੁਪਿਹਰ ਕਰੀਬ ਸਵਾ 12 ਵਜੇ ਅਚਾਨਕ ਝੌਂਪੜੀ ਵਿਚ ਅਗ ਲੱਗ ਗਈ। ਅੱਗ ਨੂੰ ਦੇਖ ਅੰਦਰ ਖੇਡ ਰਿਹਾ ਸੰਨੀ ਬਾਹਰ ਆ ਗਿਆ ਤੇ ਦੋਵੇਂ ਲੜਕੀਆਂ ਅੰਦਰ ਹੀ ਸੌਂ ਰਹੀਆਂ ਸਨ। ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਅੱਗ ਨੂੰ ਬਿਜਲੀ ਦੇ ਸ਼ਾਰਟ ਸਰਕਟ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।