ਪੱਤਰ ਪ੍ਰੇਰਕ
ਜੀਂਦ, 15 ਮਈ
ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨਾਂ ਦੁਆਰਾ ਦਿੱਤੇ ਜਾ ਰਹੇ ਧਰਨਿਆਂ ਉੱਤੇ ਹਰ ਰੋਜ਼ ਪੰਜਾਬ ਤੋਂ ਕਿਸਾਨ ਜਾ ਰਹੇ ਹਨ। ਜ਼ਿਆਦਾਤਰ ਕਿਸਾਨ ਖਟਕੜ ਟੌਲ ਪਲਾਜ਼ਾ ਹੋ ਕੇ ਜਾ ਰਹੇ ਹਨ। ਇੱਥੇ ਧਰਨੇ ਦੇ ਨਾਲ-ਨਾਲ ਸ਼ੂਗਰ ਮਿੱਲ ਦੇ ਸਾਹਮਣੇ ਲਗਾਤਾਰ 5 ਮਹੀਨਿਆਂ ਤੋਂ ਲੰਗਰ ਚੱਲਦਾ ਆ ਰਿਹਾ ਹੈ। ਇੱਥੋਂ ਲੰਘਦੇ ਹੋਏ ਜਗਦੀਪ ਸਿੰਘ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਹੁਣ ਕਣਕ ਦੀ ਕਟਾਈ ਮਗਰੋਂ ਵੇਚਣ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ। ਹੁਣ ਪੰਜਾਬ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਦਿੱਤੇ ਜਾ ਰਹੇ ਕਿਸਾਨਾਂ ਦੇ ਧਰਨਿਆਂ ਉੱਤੇ ਜਾ ਰਹੇ ਹਨ। ਉੱਥੇ ਪੱਕੇ ਮੋਰਚੇ ਬਣਾਏ ਹੋਏ ਹਨ। ਕਿਸਾਨ ਉਨ੍ਹਾਂ ਧਰਨਿਆਂ ਉੱਤੇ ਆਪਣੀਆਂ ਟਰੈਕਟਰ-ਟਰਾਲੀਆਂ ਵਿੱਚ ਕੂਲਰ, ਫਰਿੱਜ ਅਤੇ ਐੱਲਈਡੀ ਲੈ ਕੇ ਜਾ ਰਹੇ ਹਨ। ਟਰਾਲੀਆਂ ਵਿੱਚ ਵੀ ਕੂਲਰ, ਫਰਿੱਜ, ਐਲਈਡੀ ਅਤੇ ਸੌਣ ਦਾ ਵੀ ਪ੍ਰਬੰਧ ਹੈ। ਹੁਣ ਧਰਨਿਆਂ ਵਿੱਚ ਕਿਸਾਨਾਂ ਦੀ ਗਿਣਤੀ ਹੋਰ ਵੀ ਵੱਧ ਰਹੀ ਹੈ। ਹਰਿਆਣਾ ਇਸ ਅੰਦੋਲਨ ਵਿੱਚ ਛੋਟੇ ਭਰਾ ਦੀ ਭੂਮਿਕਾ ਨਿਭਾ ਰਿਹਾ ਹੈ। ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਹਰਿਆਣਾ ਦੇ ਕਿਸਾਨ ਅਤੇ ਮਜ਼ਦੂਰ ਹਨ।