ਪੱਤਰ ਪ੍ਰੇਰਕ
ਫਰੀਦਾਬਾਦ, 15 ਅਪਰੈਲ
ਥਾਣਾ ਭੂਪਾਨੀ ਅਧੀਨ ਪੈਂਦੇ ਪਿੰਡ ਮਹਾਵਤਪੁਰ ਵਿੱਚ ਫ਼ਸਲ ਦੀ ਵਾਢੀ ਦੌਰਾਨ ਖੇਤਾਂ ਦੇ ਉੱਪਰੋਂ ਲੰਘਦੀਆਂ ਤਾਰਾਂ ਆਪਸ ਵਿੱਚ ਟਕਰਾਉਣ ਕਾਰਨ ਦੋ ਕਿਸਾਨਾਂ ਨੂੰ ਕਰੰਟ ਲੱਗ ਗਿਆ। ਇਸ ਦੌਰਾਨ ਸੁਰਿੰਦਰ ਚੌਹਾਨ (45) ਦੀ ਮੌਤ ਹੋ ਗਈ ਜਦੋਂ ਕਿ ਵੇਦਪਾਲ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਭੂਪਾਨੀ ਥਾਣਾ ਖੇਤਰ ਦੇ ਪਿੰਡ ਮਹਾਵਤਪੁਰ ਵਾਸੀ ਨਰਿੰਦਰ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਦੇ ਉੱਪਰ 11 ਹਜ਼ਾਰ ਵੋਲਟੇਜ ਦੀ ਬਿਜਲੀ ਦੀ ਲਾਈਨ ਹੈ। ਤਾਰਾਂ ਖੇਤ ਤੋਂ ਸਿਰਫ਼ ਸੱਤ ਫੁੱਟ ਦੀ ਉਚਾਈ ’ਤੇ ਹਨ। ਇਸ ਸਬੰਧੀ ਐਸਡੀਓ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਐੱਸਡੀਓ ਸੁਨੀਲ ਚਾਵਲਾ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਅਜਿਹੀ ਕੋਈ ਸ਼ਿਕਾਇਤ ਆਈ ਹੈ। ਦਫ਼ਤਰ ਵਿੱਚ ਸ਼ਿਕਾਇਤ ਆਈ ਹੈ ਤਾਂ ਨੋਟਿਸ ਕਿਉਂ ਨਹੀਂ ਲਿਆ ਗਿਆ, ਮੈਂ ਮਾਮਲੇ ਦੀ ਜਾਂਚ ਕਰਵਾ ਰਿਹਾ ਹਾਂ।’