ਪੱਤਰ ਪ੍ਰੇਰਕ
ਫਰੀਦਾਬਾਦ, 13 ਅਕਤੂਬਰ
ਜ਼ਿਲ੍ਹਾ ਟਾਊਨ ਪਲਾਨਰ ਐਨਫੋਰਸਮੈਂਟ ਵੱਲੋਂ ਪਿੰਡ ਬਾਸੇਲਵਾ ਦੀ ਅੱਜ ਨਾਜਾਇਜ਼ ਬਣੀ ਕਲੋਨੀ ਨੂੰ ਢਾਹੁਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜ਼ਿਕਰਯੋਗ ਹੈ ਕਿ ਇੱਥੋਂ ਦੇ ਸੈਕਟਰ-87-88, ਡਿਵਾਈਡਿੰਗ ਰੋਡ, 20/2 ਵਿੱਚ ਸ਼ਰਧਾ ਮੰਦਰ ਸਕੂਲ ਦੇ ਨਾਲ ਕਰੀਬ 4.5 ਏਕੜ ਵਿੱਚ ਕੱਚੀ ਸੜਕ ਬਣਾ ਕੇ ਸ਼ੁਰੂਆਤੀ ਪੱਧਰ ’ਤੇ ਨਾਜਾਇਜ਼ ਕਲੋਨੀ ਬਣਾਈ ਜਾ ਰਹੀ ਸੀ। ਅੱਜ ਇਸ ਕਲੋਨੀ ਨੂੰ ਢਾਹੁਣ ਦੀ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਮਲ ਵਿੱਚ ਲਿਆਂਦੀ ਗਈ। ਕਾਰਵਾਈ ਦੌਰਾਨ ਗੈਰ-ਕਾਨੂੰਨੀ ਕਲੋਨੀ ਵਿੱਚ ਬਣੇ ਸੜਕੀ ਨੈੱਟਵਰਕ ਨੂੰ ਨਸ਼ਟ ਕਰ ਦਿੱਤਾ ਗਿਆ। ਕਲੋਨੀ ਵਿੱਚ 29 ਸਤੰਬਰ ਨੂੰ ਢਾਹੁਣ ਦੀ ਕਾਰਵਾਈ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ। ਰਜਿੰਦਰ ਟੀ ਸ਼ਰਮਾ ਨੇ ਦੱਸਿਆ ਕਿ ਇਹ ਕਲੋਨੀ ਨਵੀਂ ਦਿੱਲੀ ਦੇ ਸਤੀਸ਼ ਗੁਪਤਾ ਤੇ ਨਰੇਸ਼ ਗੁਪਤਾ ਵੱਲੋਂ ਕੱਟੀ ਜਾ ਰਹੀ ਹੈ। ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਵਿੱਚ ਹੋਰ ਸਖ਼ਤੀ ਵਰਤੀ ਜਾਵੇਗੀ ਤਾਂ ਜੋ ਨਾਜਾਇਜ਼ ਕਲੋਨੀ ਨੂੰ ਕੱਟ ਕੇ ਉਸਾਰਨ ਦੇ ਮਨਸੂਬਿਆਂ ਨੂੰ ਪੂਰਾ ਨਾ ਕੀਤਾ ਜਾ ਸਕੇ ਅਤੇ ਸਮੇਂ ਸਿਰ ਵਧ-ਫੁੱਲ ਰਹੀ ਨਾਜਾਇਜ਼ ਉਸਾਰੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਗੈਰ ਕਨੂੰਨੀ ਕਲੋਨੀਆਂ ਵਿੱਚ ਚਿਤਾਵਨੀ ਬੋਰਡ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕਲੋਨੀਆਂ ਵਿੱਚ ਸਰਕਾਰ ਵੱਲੋਂ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾਂਦੀ। ਕੋਈ ਵੀ ਗੈਰ-ਕਾਨੂੰਨੀ ਕਲੋਨੀ, ਨਿਰਮਾਣ ਬਣਾਉਣ ਤੋਂ ਪਹਿਲਾਂ ਨਿਯਮਾਂ ਅਨੁਸਾਰ ਸਰਕਾਰ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ। ਐਕਟ ਦੇ ਉਪਬੰਧ ਅਧੀਨ ਗੈਰ-ਕਾਨੂੰਨੀ ਕਲੋਨੀ, ਉਸਾਰੀ ਨੂੰ ਕਿਸੇ ਵੀ ਸਮੇਂ ਢਾਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਬੰਧਤ ਮਾਲ ਅਫ਼ਸਰ ਨੂੰ ਉਕਤ ਜ਼ਮੀਨ ਦੀ ਰਜਿਸਟਰੀ ਆਦਿ ਨਾ ਕਰਨ ਸਬੰਧੀ ਵੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ।