ਕੇਕੇ ਬਾਂਸਲ
ਰਤੀਆ, 11 ਫਰਵਰੀ
ਸ਼ਹਿਰ ਦੀ ਕਿੰਨਰ ਮੁਖੀ ਪੰਮੀ ਬਾਈ ਦੀ ਫਤਿਹਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਮੌਤ ਹੋ ਜਾਣ ਤੋਂ ਬਾਅਦ ਜਿਥੇ ਕਿੰਨਰ ਸਮਾਜ ਦੇ ਹੋਰ ਕਿੰਨਰਾਂ ਵੱਲੋਂ ਸਬੰਧਤ ਡੇਰੇ ’ਤੇ ਆਪਣਾ ਮਾਲਕਾਨਾ ਹੱਕ ਜਤਾਉਣ ਦੀ ਗੱਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 15 ਸਾਲਾਂ ਤੋਂ ਕਿੰਨਰ ਪੰਮੀ ਬਾਈ ਦੀ ਸੇਵਾ ਕਰਨ ਵਾਲੀ ਰੱਜੀ ਰਾਣੀ ਨੇ ਪੂਰੀ ਵਸੀਅਤ ਉਸ ਦੇ ਨਾਮ ਕਰਨ ਦਾ ਦਾਅਵਾ ਕੀਤਾ ਹੈ। ਕਿੰਨਰ ਮੁਖੀ ਦੀ ਮੌਤ ਤੋਂ ਬਾਅਦ ਮਾਮਲਾ ਗੰਭੀਰ ਹੋਣ ਕਾਰਨ ਉਸ ਦੇ ਸਕੇ ਸਬੰਧੀਆਂ ਨੇ ਪੁਲੀਸ ਰਾਹੀਂ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਅੱਜ ਹਰਿਆਣਾ, ਪੰਜਾਬ ਅਤੇ ਹੋਰ ਇਲਾਕਿਆਂ ਦੇ ਅਨੇਕਾਂ ਕਿੰਨਰ ਰਤੀਆ ਪੁੱਜੇ ਅਤੇ ਆਪਣੇ ਰਸਮੋਂ ਰਿਵਾਜ ਤਹਿਤ ਬਾਅਦ ਦੁਪਿਹਰ ਅੰਤਿਮ ਸੰਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਖੇਤਰ ਤੋਂ ਆਏ ਕੁਝ ਕਿੰਨਰ ਪੰਮੀ ਬਾਈ ਨਾਲ ਸਬੰਧਤ ਡੇਰੇ ਨੂੰ ਖੁਦ ਚਲਾਉਣ ਦੀ ਗੱਲ ਕਰਦੇ ਨਜ਼ਰ ਆਏ। ਉਧਰ ਪੰਮੀ ਬਾਈ ਦੀ ਸੇਵਾ ਕਰਨ ਵਾਲੀ ਰੱਜੀ ਰਾਣੀ ਦੇ ਸਮਰਥਨ ਵਿੱਚ ਕਿੰਨਰ ਦਾ ਪਰਿਵਾਰਿਕ ਅਤੇ ਸ਼ਹਿਰ ਦੇ ਹੋਰ ਲੋਕ ਆਏ ਜਿੰਨਾਂ ਸਪਸ਼ਟ ਤੌਰ ’ਤੇ ਉਸ ਨੂੰ ਡੇਰੇ ਦੀ ਸਹੀ ਹੱਕਦਾਰ ਦੱਸਿਆ। ਉਧਰ ਥਾਣਾ ਪੁਲੀਸ ਨੇ ਮ੍ਰਿਤਕਾ ਪੰਮੀ ਬਾਈ ਦੇ ਭਤੀਜੇ ਸਤਨਾਮ ਸਿੰਘ ਵਾਸੀ ਬਾਹਮਣਵਾਲਾ ਦੇ ਬਿਆਨਾ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਬੀਤੀ ਰਾਤ ਪੰਮੀ ਬਾਈ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਵਿੱਚ ਪੁਲੀਸ ਸੁਰੱਖਿਆ ਦੇ ਵਿਚਕਾਰ ਕਰਵਾ ਕੇ ਲਾਸ਼ ਨੂੰ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਸੀ। ਇਸ ਸਬੰਧੀ ਜਾਂਚ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਪੰਮੀ ਬਾਈ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤੀ ਹੈ ਅਤੇ ਦੂਜੇ ਪਾਸੇ ਡੇਰੇ ਨੂੰ ਸੰਭਾਲਣ ਸਬੰਧੀ ਉਨ੍ਹ੍ਵਾਂ ਕੋਲ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਈ। ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।