ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਅਪਰੈਲ
ਅੰਬਾਲਾ ਛਾਉਣੀ ਦੇ ਬਜਾਜਾ ਬਜ਼ਾਰ ਅਤੇ ਪੁਰਾਣੀ ਸਬਜ਼ੀ ਮੰਡੀ ਚੌਕ ਵਿੱਚ ਸਥਿਤ ਰਾਜਾ ਰਾਮ ਹਲਵਾਈ ਦੀ ਗੁਪਤਾ ਮਿਸ਼ਠਾਨ ਨਾਂ ਦੀ ਦੁਕਾਨ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ ਜਿਸਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਇਸ ਜਗ੍ਹਾ ’ਤੇ ਸ਼ਾਰਟ ਸਰਕਟ ਕਾਰਨ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ ਜਿਸ ਦਾ ਮੂਲ ਕਾਰਨ ਇੱਥੇ ਲੱਗਾ ਹੋਇਆ ਬਿਜਲੀ ਦਾ ਟਰਾਂਸਫਾਰਮਰ ਹੈ। ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਵੀ ਕਿਸਮ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਮੋਬਾਈਲਾਂ ਦੀ ਦੁਕਾਨ ਵਿੱਚ ਅੱਗ ਲੱਗੀ
ਪੰਚਕੂਲਾ: ਪਿੰਡ ਗੜੀ ਕੋਟਲਾ ਵਿੱਚ ਰਿੰਗ ਰੋਡ ਉੱਤੇ ਸਥਿਤ ਮੋਬਾਈਲਾਂ ਦੀ ਦੁਕਾਨ ’ਤੇ ਦੇਰ ਰਾਤ ਅੱਗ ਲੱਗਣ ਕਾਰਨ ਦੁਕਾਨ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦਾ ਨਾਂ ਲੱਕੀ ਮੋਬਾਈਲ ਹੈ। ਦੁਕਾਨ ਦੇ ਮਾਲਕ ਕਿਰਨ ਪਾਲ ਸੈਣੀ ਨੇ ਦੱਸਿਆ ਕਿ ਉਹ ਰਾਤ ਅੱਠ-ਨੌਂ ਵਜੇ ਆਪਣੀ ਦੁਕਾਨ ਬੰਦ ਕਰ ਕੇ ਚਲਾ ਗਿਆ ਸੀ ਤੇ ਦੇਰ ਰਾਤ ਉਸਨੂੰ ਉਸ ਦੇ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ ਕਿ ਉਸਦੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਉਹ ਜਲਦੀ ਹੀ ਦੁਕਾਨ ’ਤੇ ਪਹੁੰਚਿਆ ਪਰ ਉਦੋਂ ਤੱਕ ਦੁਕਾਨ ਵਿੱਚ ਰੱਖਿਆ ਸਾਰੇ ਸਾਮਾਨ ਦੇ ਨਾਲ ਕਾਊਂਟਰ ਅਤੇ ਫਰਨੀਚਰ ਵੀ ਸੜ ਚੁੱਕਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਸ਼ਾਇਦ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਵੇਗੀ। ਉਸ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸਦੇ ਕਈ ਜ਼ਰੂਰੀ ਪੇਪਰ ਅਤੇ ਕਈ ਮੋਬਾਈਲ ਫੋਨ ਸੜ ਕੇ ਸਵਾਹ ਹੋ ਗਏ। -ਪੱਤਰ ਪ੍ਰੇਰਕ