ਪੱਤਰ ਪ੍ਰੇਰਕ
ਜੀਂਦ, 26 ਮਈ
ਇੱਥੇ ਹਨੂਮਾਨ ਨਗਰ ਵਿੱਚ ਬੀਤੇ ਦਿਨ ਵਾਪਰੀ ਇੱਕ ਮਹਿਲਾ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਵਾਸੀ ਬਹੁ ਅਕਬਰਪੁਰ ਜ਼ਿਲ੍ਹਾ ਰੋਹਤਕ ਹਾਲ ਆਬਾਦ ਹਨੂਮਾਨ ਨਗਰ ਜੀਂਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪੁੱਛ-ਪੜਤਾਲ ਮਗਰੋਂ ਵਾਰਦਾਤ ’ਚ ਵਰਤੇ ਸਾਮਾਨ ਨੂੰ ਬਰਾਮਦ ਕਰਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ, ਜਿਸ ਤੋਂ ਬਾਅਦ ਉਸ ਨੂੰ ਜੀਂਦ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ-13 ਦੇ ਨਗਰ ਪਰਿਸ਼ਦ ਮੈਂਬਰ ਰਾਜ ਕੁਮਾਰ ਨੇ ਪੁਲੀਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਕਿਹਾ ਕਿ ਘਟਨਾ ਵਾਲੀ ਰਾਤ ਸੰਦੀਪ ਅਤੇ ਸੁਨੀਤਾ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਗੁੱਸੇ ਵਿੱਚ ਆ ਕੇ ਸੰਦੀਪ ਨੇ ਆਪਣੀ ਪਤਨੀ ਸੁਨੀਤਾ ਦੀ ਕੁਲਹਾੜੀ ਮਾਰ ਕੇ ਹੱਤਿਆ ਕਰ ਦਿੱਤੀ। ਜਾਂਚ ਅਧਿਕਾਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।