ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਅਕਤੂਬਰ
ਲਾਡਵਾ ਸ਼ਾਹਬਾਦ ਰੋਡ ’ਤੇ ਪਿੰਡ ਸੂਜਰਾ ,ਸੂਜਰੀ ਤੇ ਗੁਰਦੁਆਰਾ ਮੰਡੋਖਰਾ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਪਿਛਲੇ ਕਰੀਬ 2 ਸਾਲਾਂ ਤੋਂ ਥਾਂ ਥਾਂ ਤੋਂ ਟੁੱਟੀ ਪਈ ਹੈ। ਸੜਕ ਤੋਂ ਲੰਘ ਕੇ ਜਾਣ ਵਾਲੀ ਸੰਗਤ ਤੇ ਕਈ ਪਿੰਡਾਂ ਦੇ ਵਾਸੀ ਲੋਕਾਂ ਨੂੰ ਇਸ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਵਿਚ ਥਾਂ ਥਾਂਂ ਟੋਏ ਹੋਣ ਕਰਕੇ ਹਰ ਵੇਲੇ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ ਤੇ ਕਈ ਵਾਹਨ ਚਾਲਕ ਜ਼ਖ਼ਮੀ ਹੋ ਚੁੱਕੇ ਹਨ। ਇੱਥੇ ਅੱਜ ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਵੱਲੋਂ ਸੜਕ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਉਹ ਲਾਡਵਾ ਸ਼ਾਹਬਾਦ ਰੋਡ ’ਤੇ ਜਾਮ ਲਾਉਣ ਲਈ ਮਜਬੂਰ ਹੋਣਗੇ। ਪਿੰਡ ਵਪਾਸੀਆਂ ਬੂਟਾ ਸਿੰਘ, ਰਣਧੀਰ ਸਿੰਘ, ਗੁਰਪਾਲ ਸਿੰਘ, ਪਰਮਜੀਤ ਸਿੰਘ, ਸਰਵਜੀਤ ਸਿੰਘ, ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਜਾਣ ਵਾਲੀ ਸੜਕ ਵਿਚ ਕਈ ਥਾਈਂ ਟੋਏ ਪੈ ਹੋਏ ਹਨ। ਇਸ ਕਾਰਨ ਕਈ ਵਾਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਖਸਤਾ ਹਾਲਤ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਕਈ ਵਾਰ ਲੋਕ ਨਿਰਮਾਣ ਦੇ ਅਧਿਕਾਰੀਆਂ ਨੂੰ ਮਿਲ ਚੁਕੇ ਹਨ ਪਰ ਉਨਾਂ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕੀ। ਉਨ੍ਹਾਂ ਕੁਰੂਕਸ਼ੇਤਰ ਦੇ ਡੀਸੀ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਲੋਕ ਨਿਰਮਾਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਸੜਕ ਠੀਕ ਕਰਾਈ ਜਾਏ।