ਲਖਵਿੰਦਰ ਸਿੰਘ
ਮਲੋਟ, 12 ਜੁਲਾਈ
ਨਗਰ ਕੌਂਸਲ ਕਰਮਚਾਰੀਆਂ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਕੂੜੇ ਨੂੰ ਅੱਗ ਲਗਾਉਣ ਦਾ ਮਸਲਾ ਉਸ ਵੇਲੇ ਭਖਦਾ ਨਜ਼ਰ ਆਇਆ ਜਦੋਂ ਉਨ੍ਹਾਂ ਪੁਲ ਦੇ ਹੇਠਾਂ ਪ੍ਰੀਤ ਰਾਜਪਾਲ ਆਦਿ ਦੁਕਾਨਾਂ ਦੇ ਅੱਗੇ ਇੱਕ ਵੱਡੇ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਅਤੇ ਆਪ ਉੱਥੋਂ ਚਲੇ ਗਏ। ਅੱਗ ਦਾ ਭਾਂਬੜ ਦੇਖ ਕੇ ਆਸ-ਪਾਸ ਦੇ ਦੁਕਾਨਦਾਰਾਂ ਪ੍ਰੀਤ ਰਾਜਪਾਲ, ਸੁਖਦੇਵ ਸਿੰਘ, ਅਮਰ ਸਿੰਘ, ਵਿੱਕੀ, ਭੁਪਿੰਦਰ ਸਿੰਘ ਆਦਿ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਲਾਪਰਵਾਹੀ ਨਾਲ ਲਾਈ ਅੱਗ ਨਾਲ ਜਿੱਥੇ ਆਸ-ਪਾਸ ਦੁਕਾਨਾਂ ਨੂੰ ਖ਼ਤਰਾ ਬਣਿਆ ਉੱਥੇ ਇਹ ਅੱਗ ਦਾ ਭਾਂਬੜ ਵੱਡੇ ਪ੍ਰਦੂਸ਼ਣ ਦਾ ਕਾਰਨ ਵੀ ਬਣਿਆ। ਉਨ੍ਹਾਂ ਕਿਹਾ ਕਿ ਕੂੜੇ ਨੂੰ ਸ਼ਹਿਰ ਤੋਂ ਬਾਹਰ ਬਣੇ ਕੂੜਾ ਡੰਪ ’ਤੇ ਵੀ ਸੁੱਟਿਆ ਜਾਵੇ ਨਾ ਕੇ ਅੱਗ ਲਗਾ ਕੇ ਸਾੜ ਕੇ ਪ੍ਰਦੂਸ਼ਣ ਫੈਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ਕਰਮਚਾਰੀਆਂ ਨੇ ਮੁੜ ਅਜਿਹਾ ਕੰਮ ਕੀਤਾ ਤਾਂ ਉਹ ਵਿਰੋਧ ਕਰਨਗੇ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਕੂੜੇ ਨੂੰ ਅੱਗ ਲਾਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹਾ ਕਰਨ ਵਾਲਿਆਂ ’ਤੇ ਸਖ਼ਤੀ ਕੀਤੀ ਜਾਵੇਗੀ।