ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 22 ਫਰਵਰੀ
ਹੈਦਰਾਬਾਦ ਗਏ ਯਮੁਨਾਨਗਰ ਜ਼ਿਲ੍ਹੇ ਦੇ ਭੰਬੋਲੀ ਪ੍ਰਿਥਵੀ ਕਾ ਮਾਜਰਾ ਪਿੰਡ ਦੇ ਅਮਨ ਕੁਮਾਰ (30) ਦੀ ਲਾਸ਼ ਅੰਬਾਲਾ ਦੇ ਸਿਵਲ ਹਸਪਤਾਲ ਵਿੱਚੋਂ ਮਿਲੀ ਹੈ। ਉਹ ਹੈਦਰਾਬਾਦ ਵਿੱਚ ਭਾਂਡਿਆਂ ਦੀ ਫ਼ੈਕਟਰੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਮੌਤ ਲਈ ਸ਼ਹਿਰ ਦੀ ਇੱਕ ਵਿਧਵਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲੀਸ ਨੇ ਵਿਧਵਾ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਮਨ ਕੁਮਾਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ ਜਦੋਂਕਿ ਵਿਸਰਾ ਜਾਂਚ ਲਈ ਮਧੂਬਨ ਲੈਬ ਭੇਜ ਦਿੱਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਅਮਨ ਕੁਮਾਰ ਹੈਦਰਾਬਾਦ ਵਿੱਚ ਬਰਤਨ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ। ਜਮੀਤਗੜ੍ਹ (ਪੰਜਾਬ) ਦੀ ਰਹਿਣ ਵਾਲੀ ਮਹਿਲਾ ਦੇ ਪਤੀ ਦੀ ਬਿਮਾਰੀ ਕਾਰਨ ਮੌਤ ਹੋਣ ਤੋਂ ਬਾਅਦ ਉਹ ਮੋਤੀ ਨਗਰ ਵਿੱਚ ਉਸ ਦੇ ਸਹੁਰਿਆਂ ਦੇ ਗੁਆਂਢ ਵਿੱਚ ਮਕਾਨ ਕਿਰਾਏ ’ਤੇ ਲੈ ਕੇ ਰਹਿ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਹਿਲਾ ਦੇ ਉਸ ਦੇ ਲੜਕੇ ਨਾਲ ਕਾਫ਼ੀ ਸਮੇਂ ਤੋਂ ਕਥਿਤ ਨਾਜਾਇਜ਼ ਸਬੰਧ ਸਨ ਤੇ ਉਸ ਨੂੰ ਸ਼ੱਕ ਹੈ ਕਿ ਅਮਨ ਕੁਮਾਰ ਦੀ ਹੱਤਿਆ ਉਸ ਮਹਿਲਾ ਨੇ ਕੀਤੀ ਹੈ। ਥਾਣਾ ਇੰਚਾਰਜ ਰਾਜ ਕੁਮਾਰ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ’ਤੇ ਕਿਸੇ ਤਰ੍ਹਾਂ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਫ਼ਿਲਹਾਲ ਮਹਿਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।