ਗੁਰਦੀਪ ਸਿੰਘ ਭੱਟੀ
ਟੋਹਾਣਾ, 24 ਜੂਨ
ਇੱਥੇ ਅੱਜ ਦੁਪਹਿਰ 12 ਵਜੇ ਭੂਨਾ ਦੀ ਕੁਲਾਂ ਰੋੜ ’ਤੇ ਪੈਂਦੀ ਅਸ਼ੋਕਾ ਮਾਰਬਲ ਤੇ ਸੈਨੇਟਰੀ ਸਟੋਰ ਵਿੱਚ ਦਾਖਲ ਹੋ ਕੇ ਦੋ ਹਥਿਆਰਬੰਦ ਲੁਟੇਰਿਆਂ ਨੇ ਸ਼ੋਅਰੂਮ ਮਾਲਕ ਤੇ ਉਸ ਦੇ ਭਰਾ ’ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਵਪਾਰੀ ਦੇ ਢਿੱਡ ਵਿੱਚ ਲੱਗੀਆਂ। ਨਕਾਬਪੋਸ਼ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸਥਾਨਕ ਲੋਕਾਂ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਫਤਿਹਾਬਾਦ ਲਈ ਰੈਫ਼ਰ ਕਰ ਦਿੱਤਾ ਗਿਆ। ਦਿਨ ਦਿਹਾੜੇ ਹੋਈ ਵਾਰਦਾਤ ਨੂੰ ਫਿਰੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਡੀਐੱਸਪੀ ਦਲਜੀਤ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਜ਼ਖ਼ਮੀ ਹੋਏ ਵਪਾਰੀ ਈਸ਼ ਕੁਮਾਰ ਦੇ ਭਰਾ ਅਸ਼ੋਕ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋ ਨੌਜਵਾਨ ਦੁਕਾਨ ਵਿੱਚ ਦਾਖਲ ਹੋਏ ਉਨ੍ਹਾਂ ਨੇ ਸ਼ੋਅਰੂਮ ਵਿੱਚ ਬੈਠੇ ਉਸ ਦੇ ਭਰਾ ਈਸ਼ ਕੁਮਾਰ ’ਤੇ ਗੋਲੀ ਚਲਾ ਦਿੱਤੀ। ਉਸ ਸਮੇਂ ਲੇਬਰ ਪੱਥਰਾਂ ਦੇ ਕੰਮ ਵਿੱਚ ਰੁੱਝੀ ਹੋਈ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਤਕ ਲੇਬਰ ਆਈ ਉਸ ਸਮੇਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ।