ਪੀਪੀ ਵਰਮਾ
ਪੰਚਕੂਲਾ, 6 ਮਈ
ਹਰਿਆਣਾ ਵਿੱਚ ਟੈਲੀ ਮੈਡੀਸਨ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਲੋਕ ਆਪਣੀ ਬਿਮਾਰੀ ਬਾਰੇ ਡਾਕਟਰ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਜਿਹੜਾ ਡਾਕਟਰ ਵਾਰ-ਵਾਰ ਕਰਨ ਉੱਤੇ ਫੋਨ ਨਹੀਂ ਚੁੱਕੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਟੈਲੀ ਮੈਡੀਸਨ ਲਈ 1075 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਅਤੇ ਇਸ ਸਬੰਧੀ ਡਾਕਟਰਾਂ ਦੀ ਵਿਸ਼ੇਸ਼ ਟੀਮ ਤਿਆਰ ਕੀਤੀ ਜਾ ਰਹੀ ਹੈ। ਹੁਣ ਹਰਿਆਣਾ ਦਾ ਕੋਈ ਨਾਗਰਿਕ 1075 ਨੰਬਰ ਉੱਤੇ ਫ਼ੋਨ ਕਰਕੇ ਆਪਣੀ ਬਿਮਾਰੀ ਸਬੰਧੀ ਜਾਣਕਾਰੀ ਦੇ ਕੇ ਦਵਾਈ ਲੈ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਆਕਸੀਜਨ ਬਾਰੇ ਹੁਣ ਆਤਮ-ਨਿਰਭਰ ਹੋ ਰਿਹਾ ਹੈ। ਹਰਿਆਣਾ ਵਿੱਚ ਛੇ ਆਕਸੀਜਨ ਪਲਾਂਟ ਸ਼ੁਰੂ ਹੋ ਚੁੱਕੇ ਹਨ। 60 ਪਲਾਂਟਾ ਬਾਰੇ ਕੇਂਦਰ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਹੈ। ਹਰੇਕ ਪ੍ਰਾਈਵੇਟ ਹਸਪਤਾਲ ਨੂੰ ਆਕਸੀਜਨ ਪਲਾਂਟ ਲਗਾਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਕਰੋਨਾ ਦਵਾਈਆਂ, ਆਕਸੀਜਨ ਗੈਸ ਸਿਲੰਡਰਾਂ, ਕਰੋਨਾ ਦੇ ਟੀਕਿਆਂ ਦੀ ਕਾਲਬਜ਼ਾਰੀ ਕਰਦਾ ਹੈ ਉਸ ਦੀ ਸ਼ਿਕਾਇਤ 18001801314 ’ਤੇ ਕੀਤੀ ਜਾ ਸਕਦੀ ਹੈ। ਇਸ ਬਾਰੇ ਨਿਗਰਾਨੀ ਖੁਦ ਡਾਇਰੈਕਟਰ ਜਨਰਲ ਪੁਲੀਸ ਹਰਿਆਣਾ ਕਰ ਰਹੇ ਹਨ। ਟੈਲੀਫ਼ੋਨ ’ਤੇ ਸ਼ਿਕਾਇਤ ਕਰਨ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।