ਪ੍ਰਭੂ ਦਿਆਲ
ਸਿਰਸਾ, 23 ਜੂਨ
ਦੇਸ਼ ਦੇ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੀ ਰਾਜਸੀ ਵਿਰਾਸਤ ਲਈ ਚੌਟਾਲਾ ਪਰਿਵਾਰ ’ਚ ਸ਼ਰੀਕੇਬਾਜ਼ੀ ਤੇਜ਼ ਹੋ ਗਈ ਹੈ। ਤਾਊ ਦੇਵੀ ਲਾਲ ਦੇ ਪੜਪੋਤਰੇ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵੱਲੋਂ ਬੀਤੇ ਦਿਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਤਾਊ ਦੇਵੀ ਲਾਲ ਦੇ ਲੱਗੇ ਬੁੱਤ ਤੋਂ ਪਰਦਾ ਹਟਾਇਆ ਤਾਂ ਅੱਜ ਉਨ੍ਹਾਂ ਦੇ ਚਾਚੇ ਦੇ ਮੁੰਡੇ ਕਰਨ ਚੌਟਾਲਾ ਨੇ ਤਾਊ ਦੇਵੀ ਲਾਲ ਦੇ ਬੁੱਤ ਨੂੰ ਗੰਗਾ ਜਲ ਨਾਲ ਧੌਣ ਮਗਰੋਂ ਬੁੱਤ ’ਤੇ ਫੁੱਲਾਂ ਦੇ ਹਾਰ ਪਾਏ।
ਇਸ ਦੌਰਾਨ ਸਾਬਕਾ ਵਿਧਾਇਕ ਅਭੈ ਸਿੰਘ ਚੌਟਾਲਾ ਦੇ ਪੁੱਤਰ ਤੇ ਤਾਊ ਦੇਵੀ ਲਾਲ ਦੇ ਪੜਪੋਤਰੇ ਕਰਨ ਚੌਟਾਲਾ ਨੇ ਕਿਹਾ ਕਿ ਬੀਤੇ ਦਿਨ ਜਿਹੜੇ ਲੋਕਾਂ ਨੇ ਬੁੱਤ ਤੋਂ ਪਰਦਾ ਹਟਾਇਆ ਸੀ, ਉਹ ਤਾਊ ਦੇਵੀ ਲਾਲ ਦਾ ਨਾਂ ਆਪਣਾ ਰਾਜਸੀ ਮਨੋਰਥ ਪੂਰਾ ਕਰਨ ਲਈ ਵਰਤ ਰਹੇ ਹਨ। ਉਨ੍ਹਾਂ ਨੇ ਤਾਊ ਦੇਵੀ ਲਾਲ ਦੇ ਨਾਂ ਨੂੰ ਖ਼ਰਾਬ ਕੀਤਾ ਹੈ। ਇਸ ਲਈ ਗੰਗਾ ਜਲ ਨਾਲ ਧੌ ਕੇ ਇਸ ਨੂੰ ਪਵਿੱਤਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ’ਚ ਤਾਊ ਦੇਵੀ ਲਾਲ ਦਾ ਪਹਿਲਾਂ ਤੋਂ ਬੁੱਤ ਲੱਗਿਆ ਹੋਇਆ ਸੀ, ਜਿਸ ਜੀਂਦ ਭੇਜ ਦਿੱਤਾ ਗਿਆ, ਉਸ ਦੀ ਥਾਂ ’ਤੇ ਨਵਾਂ ਬੁੱਤ ਲਾਇਆ ਗਿਆ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਜੇਬੀਟੀ ਘੁਟਾਲਾ ਮਾਮਲੇ ’ਚ ਸਜ਼ਾ ਪੂਰੀ ਹੋਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹੁਣ ਪੂਰੇ ਜੋਸ਼ ਨਾਲ ਹਰਿਆਣਾ ’ਚ ਨਵੀਂ ਮੁਹਿੰਮ ਚਲਾਈ ਜਾਵੇਗੀ।