ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 13 ਅਪਰੈਲ
ਮਰਹੂਮ ਕਵੀ ਦਿਓਲ (ਬਖ਼ਤਾਵਰ ਸਿੰਘ ਦਿਓਲ) ਦੀ ਯਾਦ ਵਿੱਚ ਪੰਜਾਬੀ ਸੱਭਿਆਚਾਰਕ ਸੱਥ ਫਰੀਦਾਬਾਦ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਤੇ ਦੋ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਗਏ। ਇਨਾਮ ਵੰਡਣ ਦੀ ਰਸਮ ਸਥਾਨਕ ਸਮਾਜ ਸੇਵੀ ਸੁਖਦੇਵ ਸਿੰਘ ਖ਼ਾਲਸਾ ਤੇ ਰਵਿੰਦਰ ਵੱਲੋਂ ਨਿਭਾਈ ਗਈ। ਵਿਦਿਆਰਥੀ ਸ਼ਿਵਦੇਵ ਸਿੰਘ ਤੇ ਸ਼ਿਵਮ ਦੀ ਚੋਣ ਕ੍ਰਮਵਾਰ ਸੁਖਦੇਵ ਸਿੰਘ ਖ਼ਾਲਸਾ ਤੇ ਸੱਥ ਦੇ ਚੇਅਰਮੈਨ ਮੰਗਲ ਸਿੰਘ ਔਜਲਾ ਦੀ ਸਿਫ਼ਾਰਸ਼ ’ਤੇ ਕੀਤੀ ਗਈ ਸੀ। ਸ੍ਰੀ ਖ਼ਾਲਸਾ ਨੇ ਇਸ ਮੌਕੇ ਕਿਹਾ ਕਿ ਸਾਹਿਤਕਾਰ ਹਮੇਸ਼ਾ ਹੀ ਸਮਾਜ ਨਾਲ ਜੁੜੇ ਮੁੱਦਿਆਂ ਤੇ ਮਨੁੱਖੀ ਭਾਵਾਂ ਨੂੰ ਆਪਣੀਆਂ ਰਚਨਾਵਾਂ ਰਾਹੀਂ ਪ੍ਰਗਟਾਉਂਦੇ ਹਨ। ਕਵੀ ਦਿਓਲ ਨੇ 1946 ਤੋਂ ਲੈ ਕੇ ਮਾਰਚ 1990 ਤੱਕ 500 ਤੋਂ ਵੱਧ ਕਵਿਤਾਵਾਂ ਰਚੀਆਂ ਤੇ ਹੋਰ ਕਿਤਾਬਾਂ ਲਿਖੀਆਂ ਤੇ ਆਖ਼ਰੀ ਸਾਹ ਵੀ ਲੰਬੀ ਕਵਿਤਾ ‘ਸ਼ਗਨਾਂ ਦਾ ਗਾਨਾ’ ਲਿਖਣ ਦੌਰਾਨ ਲਿਆ। ਉਨ੍ਹਾਂ ‘ਹਿਜਰ ਵਸਲ ਦੀਆਂ ਘੜੀਆਂ’, ਲੰਬੀ ਕਵਿਤਾ ਪਿਆਸ (ਕਿਤਾਬਚਾ), ਨਾਵਲ ‘ਉਹਦੇ ਮਰਨ ਤੋਂ ਮਗਰੋਂ’, ‘ਮੇਰਾ ਕਾਵਿ ਜਗਤ’ ਆਪਣੇ ਜਿੰਦੇ ਜੀਆ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਨ੍ਹਾਂ ਦੀ ਮੌਤ ਮਗਰੋਂ ਨਾਵਲ ‘ਉਮਰ ਤਮਾਮ’, ‘ਦਿਓਲ ਦੀਆਂ ਕਵਿਤਾਵਾਂ (ਸਮੁੱਚੀ ਕਵਿਤਾ ਦਾ ਸੰਗ੍ਰਹਿ), ‘ਦਿਓਲ ਦੀਆਂ ਕਹਾਣੀਆਂ’, ‘ਦਿਓਲ ਦੇ ਨਾਟਕ’ ਪੰਜਾਬੀ ਪਾਠਕਾਂ ਦੇ ਰੂਬਰੂ ਹੋ ਸਕੇ। ਉਨ੍ਹਾਂ ਦੀ ਲੰਬੀ ਕਵਿਤਾ ‘ਆਟੇ ਦਾ ਦੀਵਾ’ ਦਾ ਹਿੰਦੀ ‘ਚ ਅਨੁਵਾਦ ਚਰਚਿਤ ਹਿੰਦੀ ਕਵੀ ਭੁਵਨੇਸ਼ ਕੁਮਾਰ ਨੇ ਕੀਤਾ ਸੀ। ਇਸ ਮੌਕੇ ਪੰਜਾਬੀ ਸੱਭਿਆਚਾਰਕ ਸੱਥ ਫਰੀਦਾਬਾਦ ਦੇ ਪ੍ਰਧਾਨ ਮਨਧੀਰ ਸਿੰਘ ਦਿਓਲ, ਰਾਜਿੰਦਰ ਕੌਰ ਤੇ ਹੋਰ ਸੱਜਣ ਹਾਜ਼ਰ ਸਨ।