ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਨਵੰਬਰ
ਫਰੀਦਾਬਾਦ ਦੇ ਬੱਲਬਗੜ੍ਹ ਵਿਚ ਲਵ ਜਿਹਾਦ ਦੇ ਮਾਮਲੇ ਵਿਚ ਵਿਦਿਆਰਥਣ ਨਿਕਿਤਾ ਤੋਮਰ ਨੂੰ ਅਗਰਵਾਲ ਕਾਲਜ ਦੇ ਸਾਹਮਣੇ ਅਗਵਾ ਕਰਨ ਸਮੇ ਉਸ ਦੀ ਦਿਨ ਦਿਹਾੜੇ ਹੋਈ ਹੱਤਿਆ ਅਤੇ ਫਿਰ ਰੇਵਾੜੀ ਵਿਚ ਜਬਰਨ ਧਰਮ ਪਰਿਵਰਤਨ ਨਾਲ ਜੁੜਿਆ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗ੍ਰਹਿ ਮੰਤਰੀ ਅਨਿਲ ਵਿੱਜ ਸਖ਼ਤ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਸਬੰਧ ਵਿਚ ਕਾਨੂੰਨ ਬਣਾਉਣ ਦੇ ਸੰਕੇਤ ਦਿੱਤੇ ਹਨ। ਸ੍ਰੀ ਵਿੱਜ ਨੇ ਡੀਜੀਪੀ ਹਰਿਆਣਾ ਨੂੰ ਪੱਤਰ ਲਿਖ ਕੇ ਹਰਿਆਣਾ ਬਣਨ ਤੋਂ ਲੈ ਕੇ ਅੱਜ ਤੱਕ ਲਵ ਜਹਾਦ ਦੇ ਜਿੰਨੇ ਕੇਸ ਹੋਏ ਹਨ, ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਦਾ ਬਿਓਰਾ ਦੇਣ ਲਈ ਕਿਹਾ ਹੈ। ਊਨ੍ਹਾਂ ਦੱਸਿਆ ਕਿ ਪੁਲੀਸ ਨੂੰ ਅਜਿਹੇ ਵੇਰਵੇ ਮਹੀਨੇ ਦੇ ਅੰਦਰ ਅੰਦਰ ਇਕੱਠੇ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦੇ ਮਾਮਲੇ ਵਿਚ ਸਾਰੇ ਸੰਗਠਨਾਂ ਅਤੇ ਕਾਨੂੰਨੀ ਮਾਹਿਰਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਲੋਕਤੰਤਰ ਵਿਚ ਕਾਨੂੰਨ ਬਣਾ ਕੇ ਹੀ ਅਜਿਹੇ ਮਾਮਲਿਆਂ ਨਾਲ ਨਬਿੇੜਿਆ ਜਾ ਸਕਦਾ ਹੈ। ਸ੍ਰੀ ਵਿੱਜ ਨੇ ਕਿਹਾ ਕਿ ਲਵ ਜਹਾਦ ਬਹੁਤ ਗੰਭੀਰ ਮਾਮਲਾ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਕਈ ਮਾਮਲੇ ਨੋਟਿਸ ਵਿਚ ਆ ਰਹੇ ਹਨ, ਇਸ ਉੱਪਰ ਕੋਈ ਨਾ ਕੋਈ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ।