ਅਨਿਲ ਸ਼ਰਮਾ
ਰੋਹਤਕ, 1 ਸਤੰਬਰ
ਰੋਹਤਕ ਦੇ ਵਿਜੇ ਨਗਰ ਦੀ ਬਾਗ ਵਾਲੀ ਗਲੀ ਵਿੱਚ ਪਰਿਵਾਰ ਦਾ ਕਤਲ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। 19 ਸਾਲਾ ਅਭਿਸ਼ੇਕ ਨੇ ਆਪਣੀ ਮਾਂ, ਪਿਤਾ, ਭੈਣ ਅਤੇ ਨਾਨੀ ਨੂੰ ਗੋਲੀ ਮਾਰੀ। ਪੁਲੀਸ ਨੇ ਅਭਿਸ਼ੇਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਸੁਪਰਡੈਂਟ ਨੇ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਵਾਰਦਾਤ ਕੀਤੀ ਗਈ ਤੇ ਪੁਲੀਸ ਨੂੰ ਗੁੰਮਰਾਹ ਕਰਨ ਲਈ ਝੂਠੀ ਕਹਾਣੀ ਬਣਾਈ। ਪੁਲੀਸ ਸੁਪਰਡੈਂਟ ਰਾਹੁਲ ਸ਼ਰਮਾ ਨੇ ਦੱਸਿਆ ਕਿ ਵਿਜੇ ਨਗਰ ਨਿਵਾਸੀ ਪ੍ਰਦੀਪ ਉਰਫ ਬਬਲੂ, ਉਸ ਦੀ ਪਤਨੀ ਬਬਲੀ, ਬੇਟੀ ਨੇਹਾ ਅਤੇ ਸੱਸ ਰੋਸ਼ਨੀ ਦੇਵੀ ਨੂੰ ਪੰਜ ਦਿਨ ਪਹਿਲਾਂ ਗੋਲੀ ਮਾਰ ਦਿੱਤੀ ਗਈ ਸੀ। ਚਾਰਾਂ ਦੀ ਮੌਤ ਹੋ ਚੁੱਕੀ ਹੈ। ਪ੍ਰਦੀਪ ਦੇ ਸਾਲੇ ਪ੍ਰਵੀਨ ਦੇ ਬਿਆਨਾਂ ‘ਤੇ ਪੁਲੀਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲੀਸ ਸੁਪਰਡੈਂਟ ਨੇ ਕਿਹਾ ਕਿ ਘਟਨਾ ਦੇ ਬਾਅਦ ਤੋਂ ਅਜਿਹਾ ਲਗਦਾ ਸੀ ਕਿ ਕਤਲ ਕਿਸੇ ਨਜ਼ਦੀਕੀ ਨੇ ਕੀਤੇ ਹਨ। ਮਾਮਲੇ ‘ਚ ਦੋਸ਼ੀ ਅਭਿਸ਼ੇਕ ਵਾਰ -ਵਾਰ ਆਪਣਾ ਬਿਆਨ ਬਦਲ ਰਿਹਾ ਸੀ, ਜਿਸ ’ਤੇ ਪੁਲਸ ਟੀਮ ਨੂੰ ਸ਼ੱਕ ਹੋਇਆ ਅਤੇ ਪੁੱਛ ਪੜਤਾਲ ’ਤੇ ਸਾਰਾ ਮਾਮਲਾ ਸਾਫ਼ ਹੋ ਗਿਆ। ਪੁਲੀਸ ਸੁਪਰਡੈਂਟ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਇਸ ਦੌਰਾਨ ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਉਸ ਕੋਲੋਂ ਬਰਾਮਦ ਕੀਤਾ ਜਾਵੇਗਾ। ਹੱਤਿਆ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਹੈ, ਪਰਿਵਾਰ ਵਿੱਚ ਤਣਾਅ ਚੱਲ ਰਿਹਾ ਸੀ।