ਰਤਨ ਸਿੰਘ ਢਿੱਲੋਂ
ਅੰਬਾਲਾ, 6 ਮਾਰਚ
ਅੱਜ ਸਵੇਰੇ ਅੰਬਾਲਾ ਛਾਉਣੀ ਦੇ ਬੀਡੀ ਫਲੋਰ ਮਿੱਲ ਦੇ ਪਿੱਛੇ ਇਕ ਮਕਾਨ ਵਿਚ ਕੁਝ ਸੂਰ ਜਾ ਵੜੇ ਅਤੇ ਕਮਰੇ ਅੰਦਰ ਸੌਂ ਰਹੇ ਬੱਚੇ ’ਤੇ ਹਮਲਾ ਕਰ ਦਿੱਤਾ। ਬੱਚਿਆਂ ਅਤੇ ਪਰਿਵਾਰ ਵਾਲਿਆਂ ਦੀ ਹਾਲ-ਦੁਹਾਈ ਸੁਣ ਕੇ ਗੁਆਂਢੀ ਇਕੱਠੇ ਹੋ ਗਏ ਅਤੇ ਸੂਰਾਂ ਨੂੰ ਭਜਾ ਕੇ ਬੱਚੇ ਦੀ ਜਾਨ ਬਚਾਈ। ਜ਼ਖ਼ਮੀ ਵੰਸ਼ ਦੇ ਪਿਤਾ ਰਿੰਕੂ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ ਅਤੇ ਸਵੇਰੇ 8 ਵਜੇ ਕੰਮ ’ਤੇ ਚਲਾ ਗਿਆ ਸੀ। ਉਸ ਦੀ ਪਤਨੀ ਵਿਹੜੇ ਵਿਚ ਝਾੜੂ ਮਾਰ ਰਹੀ ਸੀ ਅਤੇ ਉਨ੍ਹਾਂ ਦੀ 5 ਸਾਲਾਂ ਦੀ ਬੇਟੀ ਅਤੇ 7 ਸਾਲਾਂ ਦਾ ਬੇਟਾ ਵੰਸ਼ ਕਮਰੇ ਦੇ ਅੰਦਰ ਸੁੱਤੇ ਪਏ ਸਨ। ਇਸ ਦੌਰਾਨ ਕੁਝ ਸੂਰ ਉਨ੍ਹਾਂ ਦੇ ਘਰ ਦੇ ਅੰਦਰ ਆ ਵੜੇ ਅਤੇ ਵੰਸ਼ ’ਤੇ ਹਮਲਾ ਕਰ ਦਿੱਤਾ। ਬੱਚਿਆਂ ਦਾ ਚੀਕ-ਚਿਹਾੜਾ ਸੁਣ ਕੇ ਉਸ ਦਾ ਭਰਾ ਮਨੋਜ, ਤਾਊ ਨੀਟੂ ਅਤੇ ਹੋਰ ਲੋਕ ਮੌਕੇ ’ਤੇ ਪਹੁੰਚੇ ਅਤੇ ਪਹਿਲਾਂ ਬੇਟੀ ਨੂੰ ਸੂਰਾਂ ਤੋਂ ਬਚਾ ਕੇ ਬਾਹਰ ਕੱਢਿਆ। ਇਸ ਦੌਰਾਨ ਸੂਰ ਵੰਸ਼ ’ਤੇ ਹਮਲਾ ਕਰਦੇ ਰਹੇ। ਅਖੀਰ ਡੰਡਿਆਂ ਨਾਲ ਸੂਰਾਂ ਨੂੰ ਬਾਹਰ ਕੱਢਿਆ ਗਿਆ ਅਤੇ ਲਹੂ-ਲੁਹਾਣ ਵੰਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੇ ਦੀ ਬਾਂਹ ’ਤੇ ਕਈ ਟਾਂਕੇ ਲੱਗੇ ਹਨ।