ਪ੍ਰਭੂ ਦਿਆਲ
ਸਿਰਸਾ, 11 ਮਾਰਚ
ਹਰਿਆਣਾ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਬੇਭਰੋਸਗੀ ਮਤਾ ਡਿੱਗਣ ਮਗਰੋਂ ਕਿਸਾਨਾਂ ਦਾ ਰੋਹ ਵੱਧ ਗਿਆ ਹੈ। ਕਿਸਾਨਾਂ ਨੇ ਅੱਜ ਵੱਖ-ਵੱਖ ਥਾਈਂ ਬੇਭਰੋਸਗੀ ਮਤੇ ਖ਼ਿਲਾਫ਼ ਵੋਟ ਪਾਉਣ ਵਾਲੇ ਮੰਤਰੀਆਂ ਤੇ ਵਿਧਾਇਕਾਂ ਦੇ ਪੁਤਲੇ ਫੂਕੇ। ਪ੍ਰਦਰਸ਼ਨਕਾਰੀਆਂ ਨੇ ਹੁਣ ਭਾਜਪਾ ਤੇ ਜੇਜੇਪੀ ਤੋਂ ਬਾਅਦ ਹਲੋਪਾ ਦੇ ਵਿਧਾਇਕ ਗੋਪਾਲ ਕਾਂਡਾ ਦਾ ਵੀ ਸਮਾਜਿਕ ਬਾਈਕਾਟ ਕਰਨ ਤੇ ਉਨ੍ਹਾਂ ਨੂੰ ਪਿੰਡਾਂ ਵਿੱਚ ਨਾ ਵੜਣ ਦਾ ਐਲਾਨ ਕੀਤਾ। ਇਥੇ ਬਾਬਾ ਬੰਦਾ ਸਿੰਘ ਬਹਾਦੁਰ ਚੌਕ ’ਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਤੋਂ ਇਲਾਵਾ ਹਰਿਆਣਾ ਲੋਕਹਿੱਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਪੁਤਲਾ ਫੂਕਿਆ।