ਪ੍ਰਭੂ ਦਿਆਲ
ਸਿਰਸਾ, 12 ਜੂਨ
ਇਥੇ ਕਈ ਪਿੰਡਾਂ ’ਚ ਨਰਮੇ ਦੀ ਫ਼ਸਲ ’ਤੇ ਹੁਣੇ ਤੋਂ ਗੁਲਾਬੀ ਸੁੰਡੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਗੁਲਾਬੀ ਸੁੰਡੀ ਤੋਂ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਕੋਈ ਉਪਰਾਲਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨ 13 ਜੂਨ ਨੂੰ ਡਿਪਟੀ ਕਮਿਸ਼ਨਰ ਨੂੰ ਮਿਲਣਗੇ। ਭਾਰਤੀ ਕਿਸਾਨ ਏਕਤ (ਬੀਕੇਯੂ) ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਹੈ ਕਿ ਹਾਲੇ ਤੱਕ ਪਿਛਲੇ ਸਾਲ ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ੇ ਲਈ ਕਿਸਾਨ ਦਫ਼ਤਰਾਂ ਦੇ ਗੜੇ ਲਾ ਰਹੇ ਹਨ ਪਰ ਹੁਣ ਫਿਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਖੇਤਾਂ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਮਿਲੀ ਹੈ। ਗੁਲਾਬੀ ਸੁੰਡੀ ਦੇ ਮਿਲਣ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਕਿਸਾਨ ਆਗੂ ਨੇ ਦੱਸਿਆ ਹੈ ਕਿ ਐਤਕੀ ਮਾਰਚ ਮਹੀਨੇ ਵਿੱਚ ਪਈ ਗਰਮੀ ਕਾਰਨ ਕਣਕ ਦਾ ਝਾੜ ਬਹੁਤ ਘਟ ਨਿਕਲਿਆ ਹੈ ਜਿਸ ਕਾਰਨ ਕਿਸਾਨ ਨੂੰ ਕਾਫੀ ਆਰਥਿਕ ਨੁਕਸਾਨ ਚੁੱਕਣਾ ਪਿਆ ਹੈ। ਹੁਣ ਜਦੋਂ ਨਰਮੇ ਦੀ ਬੀਜਾਈ ਹੋਈ ਹੈ ਤਾਂ ਕੁਝ ਥਾਵਾਂ ’ਤੇ ਗਰਮੀ ਨਾਲ ਨਰਮੇ ਦੇ ਬੂਟੇ ਝੁਲਸ ਗਏ ਹਨ ਤੇ ਰਹਿੰਦੀ ਕਸਰ ਹੁਣ ਗੁਲਾਬੀ ਸੁੰਡੀ ਕੱਢ ਦੇਵੇਗੀ। ਉਨ੍ਹਾਂ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਪਿੰਡ ਝੀੜੀ, ਬੀਰੂਵਾਲਾਗੂੜਾ, ਬੜਾਗੂੜਾ ਸਮੇਤ ਕਈ ਪਿੰਡਾਂ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਅੰਗਰੇ ਕੋਟਲੀ, ਹਰਮਨ ਮਾਨ, ਗੁਰਲਾਲ ਭੰਗੂ, ਸੰਦੀ ਸਿੱਧੂ, ਜਗਜੀਤ ਸਿੰਘ, ਰਾਜਿੰਦਰ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਭਜਨ ਲਾਲ, ਗੁਰਤੇਜ ਸਿੰਘ, ਭੰਤ ਸਿੰਘ, ਹਰਦੀਪ ਸਿੰਘ ਮਣੀ, ਬਾਦਲ, ਰਾਜਕਰਨ ਸਮੇਤ ਕਈ ਕਿਸਾਨਾਂ ਨੇ ਖੇਤਾਂ ਵਿੱਚ ਜਾ ਕੇ ਗੁਲਾਬੀ ਸੁੰਡੀ ਦਾ ਜਾਇਜ਼ਾ ਲਿਆ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਂ ਰਹਿੰਦੇ ਗੁਲਾਬੀ ਸੁੰਡੀ ਨੂੰ ਕੰਟਰੋਲ ਕੀਤਾ ਜਾਏ ਤਾਂ ਜੋ ਐਤਕੀਂ ਕਿਸਾਨਾਂ ਦੇ ਨਰਮੇ ਦੀ ਫ਼ਸਲ ਨੂੰ ਬਚਾਇਆ ਜਾ ਸਕੇ।