ਪ੍ਰਭੂ ਦਿਆਲ
ਸਿਰਸਾ, 28 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਰਚੀ ਮੁਕਤ ਕੀਤੇ ਗਏ ਭਾਵਦੀਨ ਟੌਲ ਪਲਾਜ਼ੇ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਟੌਲ ਪਲਾਜ਼ੇ ’ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਪਿਛਲੀ 25 ਦਸੰਬਰ ਤੋਂ ਕਿਸਾਨਾਂ ਨੇ ਇਸ ਨੂੰ ਪਰਚੀ ਮੁਕਤ ਕੀਤਾ ਹੋਇਆ ਹੈ।
ਭਾਵਦੀਨ ਟੌਲ ਪਲਾਜ਼ੇ ’ਤੇ ਅੱਜ ਪੁਲੀਸ ਜਵਾਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਤਾਂ ਉਥੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਇਸ ਦੀ ਸੂਚਨਾ ਪਿੰਡਾਂ ਵਿੱਚ ਕਿਸਾਨਾਂ ਨੂੰ ਦਿੱਤੀ, ਜਿਸ ਮਗਰੋਂ ਵੱਡੀ ਗਿਣਤੀ ’ਚ ਕਿਸਾਨ ਪਲਾਜ਼ੇ ’ਤੇ ਇਕੱਠੇ ਹੋ ਗਏ। ਪਲਾਜ਼ੇ ’ਤੇ ਧਰਨਾ ਦੇ ਰਹੇ ਕਿਸਾਨ ਸੁਵਰਨ ਸਿੰਘ ਵਿਰਕ, ਡਾ. ਸੁਖਦੇਵ ਜੰਮੂ, ਰੋਸ਼ਨ ਸੁਚਾਨ, ਲਖਵੀਰ ਸਿੰਘ ਲੱਖਾ, ਹਰਵਿੰਦਰ ਧਿੰਦ ਨੇ ਦੱਸਿਆ ਕਿ ਪਲਾਜ਼ੇ ’ਤੇ ਮੁੜ ਤੋਂ ਪਰਚੀ ਸ਼ੁਰੂ ਕਰਨ ਦੇ ਮਕਦਸ ਨਾਲ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਕਿਸਾਨ ਕਿਸੇ ਵੀ ਸੂਰਤ ਵਿੱਚ ਉਦੋਂ ਤੱਕ ਪਰਚੀ ਸ਼ੁਰੂ ਨਹੀਂ ਹੋਣ ਦੇਣਗੇ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ। ਉਧਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੀ ਇਕ ਕੰਪਨੀ ਇਸ ਲਈ ਤਾਇਨਾਤ ਕੀਤੀ ਗਈ ਹੈ ਕਿ ਕੋਈ ਵਿਅਕਤੀ ਪਲਾਜ਼ੇ ਨੂੰ ਨੁਕਸਾਨ ਨਾ ਪਹੁੰਚਾਏ। ਪਰਚੀ ਸ਼ੁਰੂ ਕੀਤੇ ਜਾਣ ਦੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਨੇ ਕਿਹਾ ਕਿ ਪਲਾਜ਼ੇ ਦੇ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਗੱਲਬਾਤ ਚਲ ਰਹੀ ਹੈ ਜੇ ਉਨ੍ਹਾਂ ’ਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਉਸ ਨੂੰ ਲਾਗੂ ਕਰਵਾਇਆ ਜਾਵੇਗਾ।