ਸਿਰਸਾ: ਸੰਸਦ ਮੈਂਬਰ ਤੇ ਵਿਧਾਇਕ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ

ਸਿਰਸਾ: ਸੰਸਦ ਮੈਂਬਰ ਤੇ ਵਿਧਾਇਕ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ

ਸਿਰਸਾ ਵਿੱਚ ਧੱਕਾ-ਮੁੱਕੀ ਹੁੰਦੇ ਹੋਏ ਪੁਲੀਸ ਮੁਲਾਜ਼ਮ ਤੇ ਕਿਸਾਨ।

ਪ੍ਰਭੂ ਦਿਆਲ

ਸਿਰਸਾ, 7 ਅਪਰੈਲ

ਇਥੇ ਨਗਰ ਪ੍ਰੀਸ਼ਦ ਦੀ ਚੇਅਰਪਰਸਨ ਦੀ ਚੋਣ ਲਈ ਵੋਟ ਪਾਉਣ ਆਏ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਹਰਿਆਣਾ ਲੋਕਹਿਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਜਲਤੋਪਾਂ ਦੀ ਵਰਤੋਂ ਕੀਤੀ ਤੇ ਮਗਰੋਂ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਕਈ ਕਿਸਾਨਾਂ ਤੇ ਪੁਲੀਸ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਪੁਲੀਸ ਤੇ ਕਿਸਾਨਾਂ ਵਿਚਾਲੇ ਕਈ ਘੰਟਿਆਂ ਤੱਕ ਚੱਲੀ ਧੱਕਾ-ਮੁੱਕੀ ਦੌਰਾਨ ਕਿਸਾਨਾਂ ਨੇ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜ ਸੁੱਟੇ। ਕਾਬੂ ਨਾ ਆਉਂਦੇ ਵੇਖ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰਦਿਆਂ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਦੌਰਾਨ ਕਈ ਕਿਸਾਨ ਨਗਰ ਪ੍ਰੀਸ਼ਦ ਦੇ ਦਫ਼ਤਰ ਨੇੜੇ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਕਰ ਕੇ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਵਿਧਾਇਕ ਗੋਪਾਲ ਕਾਂਡਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ਵਿੱਚ ਬਿਠਾ ਕੇ ਨਗਰ

ਪ੍ਰੀਸ਼ਦ ਦਫ਼ਤਰ ਤੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲੈ ਲਏ ਜਾਂਦੇ, ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਜਾਣਕਾਰੀ ਅਨੁਸਾਰ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਸਥਾਨਕ ਵਿਧਾਇਕ ਗੋਪਾਲ ਕਾਂਡਾ ਨਗਰ ਪ੍ਰੀਸ਼ਦ ਵਿੱਚ ਚੇਅਰਮੈਨ ਦੇ ਅਹੁਦੇ ਲਈ ਚੋਣ ਮੌਕੇ ਵੋਟ ਪਾਉਣ ਲਈ ਆਏ ਸਨ। ਕਿਸਾਨਾਂ ਨੂੰ ਇਸ ਗੱਲ ਦੀ ਪਹਿਲਾਂ ਹੀ ਬਿੜਕ ਸੀ, ਜਿਸ ਕਰਕੇ ਕਿਸਾਨ ਨਗਰ ਪ੍ਰੀਸ਼ਦ ਦੇ ਬਾਹਰ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਸਨ। ਪੁਲੀਸ ਨੇ ਹਾਲਾਕਿ ਇਹਤਿਆਤ ਵਜੋਂ ਬੈਰੀਕੇਡਿੰਗ ਕੀਤੀ ਹੋਈ ਸੀ। ਪੁਲੀਸ ਨੇ ਅੱਗੇ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਪਹਿਲਾਂ ਹਲਕਾ ਲਾਠੀਚਾਰਜ ਕੀਤਾ ਤੇ ਮਗਰੋਂ ਜਲਤੋਪਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਖਿੰਡਾਉਣ ਦਾ ਯਤਨ ਕੀਤਾ। ਕਿਸਾਨ ਪੁਲੀਸ ਨੂੰ ਕਈ ਮੀਟਰ ਤੱਕ ਧੱਕ ਕੇ ਲੈ ਗਏ ਤੇ ਕਈ ਵਾਰ ਪੁਲੀਸ ਦੇ ਜਵਾਨ ਕਿਸਾਨਾਂ ਨੂੰ ਪਿਛੇ ਧੱਕ ਕੇ ਲੈ ਜਾਂਦੇ ਰਹੇ। ਕਾਫੀ ਦੇਰ ਤੱਕ ਚਲੀ ਧੱਕਾਮੁੱਕੀ ਮਗਰੋਂ ਪੁਲੀਸ ਵੱਲੋਂ ਲਾਏ ਬੈਰੀਕੇਡ ਕਿਸਾਨਾਂ ਨੇ ਤੋੜ ਦਿੱਤੇ। ਕਈ ਕਿਸਾਨ ਨਗਰ ਪ੍ਰੀਸ਼ਦ ਦੇ ਦਫ਼ਤਰ ਨੇੜੇ ਪੁੱਜ ਗਏ ਅਤੇ ਐੱਮਪੀ ਸੁਨੀਤਾ ਦੁੱਗਲ ਤੇ ਵਿਧਾਇਕ ਗੋਪਾਲ ਕਾਂਡਾ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨ ਉਥੇ ਹੀ ਕੁਝ ਸਮੇਂ ਲਈ ਧਰਨਾ ਲਾ ਕੇ ਬੈਠ ਗਏ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਤੇ ਐੱਸਪੀ ਭੁਪਿੰਦਰ ਸਿੰਘ ਨੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਉਥੇ ਡਟੇ ਰਹੇ। ਕਿਸਾਨਾਂ ਨੇ ਵਿਧਾਇਕ ਤੇ ਸੰਸਦ ਮੈਂਬਰ ਦੀਆਂ ਗੱਡੀਆਂ ਅੱਗੇ ਲੇਟ ਕੇ ਉਨ੍ਹਾਂ ਦਾ ਰਾਹ ਰੋਕਿਆ। ਜਦੋਂ ਕਿਸਾਨਾਂ ਅੱਗੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੇਸ਼ ਨਾ ਗਈ ਤਾਂ ਆਖਿਰ ’ਚ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਵਿਧਾਇਕ ਗੋਪਾਲ ਕਾਂਡਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ’ਚ ਬਿਠਾ ਕੇ ਨਗਰ ਪ੍ਰੀਸ਼ਦ ਦੇ ਦਫ਼ਤਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਦੌਰਾਨ ਕੁਝ ਕਿਸਾਨਾਂ ਤੇ ਪੁਲੀਸ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਉਂਜ ਚੋਣ ਅਮਲ ਦੌਰਾਨ ਸਥਿਤੀ ਤਣਾਅਪੂਰਨ ਬਣੀ ਰਹੀ। ਸੰਸਦ ਮੈਂਬਰ ਤੇ ਵਿਧਾਇਕ ਦੇ ਚਲੇ ਜਾਣ ਮਗਰੋਂ ਕਿਸਾਨ ਸ਼ਾਂਤ ਹੋਏ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਵਾਪਿਸ ਨਹੀਂ ਲੈ ਲਿਆ ਜਾਂਦਾ, ਕਿਸਾਨਾਂ ਦੇ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।

ਕਿਸਾਨਾਂ ਨੂੰ ਹਿਰਾਸਤ ’ਚ ਲੈਣ ਖ਼ਿਲਾਫ਼ ਥਾਣਾ ਘੇਰਿਆ

ਚੰਡੀਗੜ੍ਹ/ਸ਼ਾਹਬਾਦ ਮਾਰਕੰਡਾ: ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਅਧੀਨ ਪੈਂਦੇ ਸ਼ਾਹਬਾਦ ਵਿੱਚ ਬੀਤੇ ਦਿਨ ਭਾਜਪਾ ਦੇ ਸਮਾਗਮ ਵਿੱਚ ਪੁੱਜੇ ਸੰਸਦ ਮੈਂਬਰ ਨਾਇਬ ਸੈਣੀ ਦੇ ਕਿਸਾਨ ਆਗੂਆਂ ਵੱਲੋਂ ਵਿਰੋਧ ਦੌਰਾਨ ਕਾਰ ਦਾ ਸ਼ੀਸ਼ਾ ਭੰਨਣ ਦੇ ਮਾਮਲੇ ’ਚ ਥਾਣਾ ਸ਼ਾਹਬਾਦ ਦੀ ਪੁਲੀਸ ਨੇ ਦਰਜਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਕੇ 4 ਨੂੰ ਹਿਰਾਸਤ ਵਿੱਚ ਲਿਆ ਹੈ। ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਜਾਣਕਾਰੀ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸ਼ਾਹਬਾਦ ਪੁਲੀਸ ਥਾਣੇ ਦਾ ਘਿਰਾਓ ਕੀਤਾ। ਕਿਸਾਨਾਂ ਨੇ ਹਰਿਆਣਾ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਥਾਣੇ ਦਾ ਗੇਟ ਬੰਦ ਕਰ ਕੇ ਕਿਸਾਨਾਂ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕਿਆ। ਪੁਲੀਸ ਦੀ ਹਰਕਤ ਤੋਂ ਰੋਹ ’ਚ ਆਏ ਕਿਸਾਨਾਂ ਨੇ ਥਾਣੇ ਦੇ ਬਾਹਰ ਧਰਨੇ ਲਾ ਦਿੱਤਾ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿਚਕਾਰ ਇੱਕ ਘੰਟਾ ਖਿੱਚ-ਧੂਹ ਹੁੰਦੀ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All