ਪ੍ਰਭੂ ਦਿਆਲ
ਸਿਰਸਾ, 12 ਫਰਵਰੀ
ਕਿਰਤ ਕਾਨੂੰਨਾਂ ’ਚ ਕੀਤੀ ਤਬਦੀਲੀ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਸੀਟੂ ਦੇ ਬੈਨਰ ਹੇਠ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਪ੍ਰਦਰਸ਼ਨਕਾਰੀ ਪੁਲੀਸ ਨੇ ਬਾਲ ਭਵਨ ਨੇੜੇ ਰੋਕ ਲਏ। ਪ੍ਰਦਰਸ਼ਨਕਾਰੀਆਂ ਨੇ ਕੁੱਝ ਸਮੇਂ ਲਈ ਸੜਕ ’ਤੇ ਧਰਨਾ ਦਿੱਤਾ ਤੇ ਐੱਸਡੀਐੱਮ ਨੂੰ ਉਪ ਮੁੱਖ ਮੰਤਰੀ ਦੇ ਨਾਂ ਆਪਣਾ ਮੰਗ ਪੱਤਰ ਸੌਂਪਿਆ। ਸਿਰਸਾ ਤੋਂ ਇਲਾਵਾ ਫਤਿਹਾਬਾਦ ਤੇ ਹਿਸਾਰ ਦੇ ਲੋਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।
ਸੀਟੂ ਦੇ ਬੈਨਰ ਹੇਠ ਆਂਗਨਵਾੜੀ ਵਰਕਰ, ਆਸ਼ਾ ਵਰਕਰ, ਮਿਡ ਡੇਅ ਮੀਲ ਵਰਕਰ, ਸਫਾਈ ਕਰਮਚਾਰੀ, ਲਾਲ ਭੱਠਾ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਯੂਨੀਅਨ, ਭਵਨ ਨਿਰਮਾਨ ਕਾਮੇ ਵੱਡੀ ਗਿਣਤੀ ਵਿੱਚ ਅੱਜ ਸਿਰਸਾ ਸਥਿਤ ਰੇਲਵੇ ਪਾਰਕ ਵਿੱਚ ਇਕੱਠੇ ਹੋਏ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਮਜ਼ਦੂਰਾਂ, ਕਰਮਚਾਰੀਆਂ ਤੇ ਕਿਸਾਨਾਂ ਨਾਲ ਦੁਸ਼ਮਣਾ ਵਰਗਾ ਵਿਵਹਾਰ ਕਰ ਰਹੀ ਹੈ।