ਪ੍ਰਭੂ ਦਿਆਲ
ਸਿਰਸਾ, 13 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਚੀ ਸਵਿਤਾ ਪੂਨੀਆ ਦਾ ਉਸ ਦੇ ਜੱਦੀ ਪਿੰਡ ਜੋਧਕਾਂ ਵਿੱਚ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਤੇ ਰਾਜਸੀ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਪਰਿਵਾਰ ਤੇ ਹੋਰ ਲੋਕਾਂ ਵੱਲੋਂ ਸਵਿਤਾ ਪੂਨੀਆ ਦੇ ਘਰ ਪਹੁੰਚਣ ’ਤੇ ਜੀ ਆਇਆਂ ਆਖਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਸਵਿਤਾ ਪੂਨੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਜੇਜੇਪੀ ਆਗੂ ਦਿਗਿਵਿਜੈ ਚੌਟਾਲਾ ਨੇ ਵੀ ਸਵਿਤਾ ਪੂਨੀਆ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਸਵਿਤਾ ਪੂਨੀਆ ਨੇ ਕਿਹਾ ਕਿ ਮੈਡਲ ਤੋਂ ਖੁੰਝਣ ਦਾ ਉਨ੍ਹਾਂ ਨੂੰ ਅਫਸੋਸ ਹੈ ਪਰ ਫਿਰ ਵੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਕੇ ਸੈਮੀਫਾਈਨ ਤੱਕ ਦਾ ਸਫ਼ਰ ਤੈਅ ਕਰਕੇ ਇਤਿਹਾਸ ’ਚ ਨਾਂ ਦਰਜ ਕਰਵਾਇਆ ਹੈ। ਅਗਲੇ ਦਿਨਾਂ ’ਚ ਉਨ੍ਹਾਂ ਦਾ ਪੂਰਾ ਧਿਆਨ ਰਾਸ਼ਟਰਮੰਡਲ ਤੇ ਏਸ਼ੀਆ ਖੇਡਾਂ ’ਚ ਮੈਡਲ ਜਿੱਤਣ ’ਤੇ ਰਹੇਗਾ।