ਪ੍ਰਭੂ ਦਿਆਲ
ਸਿਰਸਾ, 29 ਅਗਸਤ
ਕਰਨਾਲ ’ਚ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਭਾਰਤੀ ਕਿਸਾਨ ਏਕਤਾ ਵੱਲੋਂ ਅੱਜ ਰੋਹ ਭਰਿਆ ਪ੍ਰਦਰਸ਼ਨ ਕਰਕੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਦੇ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਰਿਆਣਾ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ। ਭਾਰਤੀ ਕਿਸਾਨ ਏਕਤਾ ਨਾਲ ਜੁੜੇ ਕਿਸਾਨ ਅੱਜ ਦੁਪਹਿਰ ਬਰਨਾਲਾ ਰੋਡ ਸਥਿਤ ਬਾਲ ਭਵਨ ਨੇੜੇ ਇੱਕਠੇ ਹੋਏ ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਬਾਬਾ ਭੂਮਣ ਸ਼ਾਹ ਚੌਕ ਪੁੱਜੇ ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਕਰਨਾਲ ਦੇ ਐੱਸਡੀਐੱਮ ਆਯੂਸ਼ ਸਿਨਾਹ ਦੇ ਪੁਤਲੇ ਫੂਕੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਨੂੰ ਜਾਣ ਵਾਲੇ ਰਾਹ ’ਤੇ ਭਾਰੀ ਬੈਰੀਕੇਡ ਲਾਏ ਹੋਏ ਸਨ ਤੇ ਭਾਰੀ ਗਿਣਤੀ ’ਚ ਪੁਲੀਸ ਬਲ ਤੇ ਸੀਆਰਪੀਐਫ ਨੂੰ ਤਾਇਨਾਤ ਕੀਤਾ ਗਿਆ ਸੀ।