ਪ੍ਰਭੂ ਦਿਆਲ
ਸਿਰਸਾ, 9 ਸਤੰਬਰ
ਕਰਨਾਲ ’ਚ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਦੀ ਹਮਾਇਤ ਤੇ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਕਰਨਾਲ ਦੇ ਤੱਤਕਾਲੀ ਐੱਸਡੀਐੱਮ ਦਾ ਪੁਤਲਾ ਫੂਕਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਗਿਆਰਾਂ ਮਹੀਨਿਆਂ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਕਿਸਾਨਾਂ ਦੀ ਹਮਾਇਤ ’ਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਦੇ ਨੇੜੇ ਬਾਬਾ ਭੂਮਣ ਸ਼ਾਹ ਚੌਕ ’ਚ ਪੁਤਲੇ ਫੂਕੇ। ਉਪ ਮੁੱਖ ਮੰਤਰੀ ਦੇ ਘਰ ਨੂੰ ਜਾਣ ਵਾਲੇ ਰਾਹਾਂ ’ਤੇ ਪੁਲੀਸ ਵੱਲੋਂ ਤਿੰਨ ਪਰਤਾਂ ਵਾਲੇ ਭਾਰੀ ਬੈਰੀਕੇਡ ਲਾਏ ਗਏ ਤੇ ਪੁਲੀਸ ਤੋਂ ਇਲਾਵਾ ਸੀਆਰਪੀਐੱਫ ਦੇ ਜਵਾਨਾਂ ਨੂੰ ਵੱਡੀ ਗਿਣਤੀ ’ਚ ਤਾਇਨਾਤ ਕੀਤਾ ਗਿਆ।